ਵਾਢੀ ਕਰਨ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ, ਕੰਬਾਇਨ ’ਚ ਕਰੰਟ ਆਉਣ ਨਾਲ ਹੋਈ ਮੌਤ

ਹਲਕਾ ਰਾਜਾਸਾਂਸੀ ਦੇ ਪਿੰਡ ਚੈਨਪੁਰ ਨੇੜੇ ਕਣਕ ਕੱਟਣ ਲਈ ਸੰਗਰੂਰ ਤੋਂ ਆਏ ਕੰਬਾਈਨ ਚਾਲਕ ਫੋਰਮੈਨ ਕਾਲਾ ਸਿੰਘ (45), ਵਾਸੀ ਸੇਰੋਂ, ਜ਼ਿਲ੍ਹਾ ਸੰਗਰੂਰ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੰਬਾਈਨ ਚਾਲਕ ਪਿੰਡ ਚੈਨਪੁਰ ਦੇ ਕਿਸਾਨ ਆਗੂ ਸਾਹਬ ਸਿੰਘ ਦੀ ਕਣਕ ਵੱਢਣ ਵਾਸਤੇ ਆਇਆ ਸੀ, ਜਦ ਉਹ ਪਿੰਡ ਚੈਨਪੁਰ ਦੀ ਨਵੀਂ ਬਣੀ ਪੁਲੀ ਨੇੜੇ ਕਿਸੇ ਹੋਰ ਵਾਹਨ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸਦੀ ਕੰਬਾਈਨ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਖਹਿ ਗਈ, ਜਿਸ ਦੇ ਸਿੱਟੇ ਵਜੋਂ ਚਾਲਕ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਤਿੰਨ ਧੀਆਂ ਦਾ ਪਿਤਾ ਸੀ। ਇਸ ਮੌਕੇ ‘ਤੇ ਪਿੰਡ ਚੈਨਪੁਰ ਦੇ ਦੋ ਕਿਸਾਨਾਂ ਮੁਖਤਾਰ ਸਿੰਘ ਪੁੱਤਰ ਗੁਰਮੁੱਖ ਸਿੰਘ ਅਤੇ ਬਚਿੱਤਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਾਵਰਕਾਮ ਦੇ ਐੱਸ.ਡੀ.ਓ. ਚੋਗਾਵਾਂ ਨੂੰ 4 ਅਪ੍ਰੈਲ 2024 ਨੂੰ ਦਰਖਾਸਤਾਂ ਦੇ ਕੇ ਬਿਜਲੀ ਦੀਆਂ ਨੀਵੀਆਂ ਤਾਰਾਂ ਉੱਚੀਆਂ ਕਰਨ ਦੀ ਮੰਗ ਕੀਤੀ ਸੀ, ਪਰ ਪਾਵਰਕਾਮ ਨੇ ਇਸਦੀ ਕੋਈ ਪਰਵਾਹ ਨਹੀਂ ਕੀਤੀ, ਜਿਸ ਕਰਕੇ ਅੱਜ ਇਹ ਦੁਖਦਾਈ ਘਟਨਾ ਵਾਪਰ ਗਈ। ਘਟਨਾ ਸਥਾਨ ‘ਤੇ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਕੱਤਰ ਸਿੰਘ ਕੋਟਲਾ, ਅਵਤਾਰ ਬਾਵਾ, ਕਾਬਲ ਸਿੰਘ ਖਿਆਲਾ, ਕਸ਼ਮੀਰ ਸਿੰਘ ਖਿਆਲਾ, ਗੁਰਵੇਲ ਸਿੰਘ ਧੌਲ ਕਲਾਂ, ਤਰਸੇਮ ਸਿੰਘ ਧੌਲ ਕਲਾਂ, ਕੁਲਦੀਪ ਸਿੰਘ ਖਿਆਲਾ, ਬਚਿੱਤਰ ਸਿੰਘ ਚੈਨਪੁਰ, ਸਰਪੰਚ ਅਜੀਤ ਸਿੰਘ ਚੈਨਪੁਰ, ਰੇਸ਼ਮ ਸਿੰਘ ਨੰਬਰਦਾਰ ਆਦਿ ਨੇ ਇਸ ਘਟਨਾ ਲਈ ਪਾਵਰਕਾਮ ਮਹਿਕਮੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਐੱਸ.ਡੀ.ਓ. ਅਤੇ ਜੇ.ਈ.ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਉਨ੍ਹਾਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ। ਕਿਸਾਨ ਆਗੂ ਅਵਤਾਰ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਦੋ ਘੰਟੇ ਪਹਿਲਾਂ ਪਾਵਰਕਾਮ ਮਹਿਕਮੇ ਨੂੰ ਇਸ ਘਟਨਾ ਪ੍ਰਤੀ ਜਾਣੂ ਕਰਵਾ ਦਿੱਤਾ ਸੀ ਪਰ ਇਸਦੇ ਬਾਵਜੂਦ ਕੋਈ ਵੀ ਅਧਿਕਾਰੀ ਮੌਕਾ ਵੇਖਣ ਲਈ ਨਹੀਂ ਆਇਆ।

Leave a Reply

Your email address will not be published. Required fields are marked *