ਮੀਡੀਆ ਨੂੰ ਇੱਕ ਅਧਿਕਾਰਤ ਸੰਬੋਧਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਬਾਰੇ ਜਾਣਕਾਰੀ ਦਿੱਤੀ। ਰਾਹੁਲ ਗਾਂਧੀ ਬਾਰੇ ਭਾਜਪਾ ਆਗੂਆਂ ਵੱਲੋਂ ਕੀਤੀਆਂ ਗਈਆਂ ਤਾਜ਼ਾ ਟਿੱਪਣੀਆਂ ਬਾਰੇ ਪੁੱਛੇ ਸਵਾਲਾਂ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਮੈਂ ਅਜਿਹੇ ਵਿਅਕਤੀਆਂ ਵਿਰੁੱਧ ਜਵਾਬੀ ਬਿਆਨਬਾਜ਼ੀ ਕਰਨ ਤੋਂ ਪਰਹੇਜ਼ ਕਰਦਾ ਹਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ ਤਹਿਤ ਹੀ ਭਾਜਪਾ ਅਤੇ ੳਨ੍ਹਾਂ ਦੇ ਆਗੂ ਰਾਹੁਲ ਗਾਂਧੀ ਦੀ ਨਿੰਦਾ ਕਰਦੇ ਰਹਿੰਦੇ ਹਨ। ਭਾਜਪਾ, ਆਰ.ਐਸ.ਐਸ ਅਤੇ ਨਰੇਂਦਰ ਮੋਦੀ ਵੱਲੋਂ ਕੀਤਾ ਜਾ ਰਿਹਾ ਗਲਤ ਪ੍ਰਚਾਰ ਬਿਲਕੁਲ ਬੇਬੁਨਿਆਦ ਹੈ। ਇਹ ਸਾਰਾ ਕੁੱਝ ਦੇਸ਼ ਦੇ ਅਸਲ ਮੁੱਦਿਆਂ ਜਿਵੇਂ ਕਿ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ, ਆਦਿ ਤੋਂ ਧਿਆਨ ਹਟਾਉਣ ਲਈ ਭਾਜਪਾ ਦੀ ਇੱਕ ਚਾਲ ਹੈ। ਮੈਂ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਪ੍ਰਹੇਜ਼ ਹੀ ਕਰਦਾ ਹਾਂ ਕਿਉਂਕਿ ਦੇਸ਼ ਪਹਿਲਾਂ ਹੀ ਇੱਕ ਦਹਾਕੇ ਤੋਂ ਅਜਿਹੀਆਂ ਫੁੱਟ ਪਾਊ ਬਿਆਨਬਾਜ਼ੀਆਂ ਦਾ ਸਾਹਮਣਾ ਕਰ ਰਿਹਾ ਹੈ, ਹੁਣ ਜਨਤਾ ਨੂੰ ਵੀ ਇਹਨਾਂ ਗੱਲਾਂ ਦੀ ਸਮਝ ਆ ਗਈ ਹੈ ਤੇ ਉਹ ਵੀ ਇਹਨਾਂ ਬਿਆਨਬਾਜ਼ੀਆਂ ਦਾ ਵਿਰੋਧ ਕਰਨ ਲੱਗ ਗਈ ਹੈ।”ਭਾਜਪਾ ਨੇਤਾਵਾਂ ਨੂੰ ਵਾਈ-ਪਲੱਸ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ, “ਇਹ ਇੱਕ ਸਥਾਪਿਤ ਨਿਯਮ ਜਾਪਦਾ ਹੈ ਕਿ ਭਾਜਪਾ ਨਾਲ ਜੁੜੇ ਹੋਣ ‘ਤੇ, ਨੇਤਾਵਾਂ ਨੂੰ ਵਾਈ-ਪਲੱਸ ਸੁਰੱਖਿਆ ਦਿੱਤੀ ਜਾਂਦੀ ਹੈ। ਭਾਜਪਾ ਨੇਤਾਵਾਂ ਦੇ ਨਾਲ ਸੁਰੱਖਿਆ ਦੀ ਬਹੁਤਾਤ ਉਲਝਣ ਵਾਲੀ ਗੱਲ ਹੈ, ਹਾਲਾਂਕਿ ਭਾਜਪਾ ਦੇ ਸ਼ਾਸਨ ਵਿੱਚ ਸਾਡੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਨਹੀਂ ਹਨ, ਪਰ ਪੰਜਾਬ ਦੇ ਭਾਜਪਾ ਆਗੂ ਸਪੱਸ਼ਟ ਤੌਰ ‘ਤੇ ਕਾਫੀ ਸੁਰੱਖਿਆ ਦਾ ਆਨੰਦ ਮਾਣਦੇ ਹਨ। ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਚੋਣ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਮੈਨੂੰ ਭਰੋਸਾ ਹੈ ਕਿ ਜਨਤਾ ਭਾਜਪਾ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਦੇਵੇਗੀ। ਮੈਂ ਭਾਜਪਾ ਨੂੰ ਆਪਣੇ ਸਭ ਤੋਂ ਮਜ਼ਬੂਤ ਨੇਤਾ ਨੂੰ ਨਾਮਜ਼ਦ ਕਰਨ ਲਈ ਸੱਦਾ ਦਿੰਦਾ ਹਾਂ, ਸੁਨੀਲ ਜਾਖੜ ਜੇਕਰ ਉਹ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜਨ ਤਾਂ ਮੈਂ ਉਨ੍ਹਾਂ ਦੇ ਖਿਲਾਫ ਚੋਣ ਲੜਾਂਗਾ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗਾ । ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੀ ਅਸਫ਼ਲਤਾ ਦੀ ਗਵਾਹ ਬਣੇ। I.N.D.I.A ਗਠਜੋੜ ‘ਤੇ ਟਿੱਪਣੀ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ, “ਪੰਜਾਬ ਦੀ ਵੱਖਰੀ ਪਛਾਣ ਲਈ ‘ਆਪ’ ਨਾਲ ਗਠਜੋੜ ਤੋਂ ਪਰਹੇਜ਼ ਕਰਨਾ ਜ਼ਰੂਰੀ ਸੀ ਅਤੇ ਇਸ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਗਿਆ ਹੈ। ਪੰਜਾਬ ਦੀਆਂ ਮੌਜੂਦਾ ਸਥਿੱਤੀਆਂ ਸਾਨੂੰ ਕਿਸੇ ਵੀ ਸਥਿਤੀ ਵਿੱਚ ‘ਆਪ’ ਨਾਲ ਗੱਠਜੋੜ ਕਰਨ ਤੋਂ ਰੋਕਦੀਆਂ ਹਨ। ਪੰਜਾਬ ਕਾਂਗਰਸ ਦੇ ਆਗੂ ਅਤੇ ਉਮੀਦਵਾਰ ‘ਆਪ’ ਦੇ ਕਿਸੇ ਵੀ ਨੇਤਾ ਨਾਲ ਸਟੇਜ ਸਾਂਝੀ ਜਾਂ ਪ੍ਰਚਾਰ ਕਰਦੇ ਨਹੀਂ ਦਿਖਣਗੇ। ‘ਆਪ’ ਦੇ 13-0 ਵਾਲੇ ਦਾਅਵਿਆਂ ਦੇ ਬਾਵਜੂਦ ਹਕੀਕਤ ਇੱਕ ਵੱਖਰਾ ਬਿਰਤਾਂਤ ਸਿਰਜੇਗੀ। “ਵੜਿੰਗ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਕਿਹਾ, “ਭਾਜਪਾ ਨੇ ਕੇਂਦਰ ਵਿੱਚ ਅਤੇ ‘ਆਪ’ ਨੇ ਪੰਜਾਬ ਵਿੱਚ ਬਹੁਤ ਬੇਤੁਕੇ ਦਾਅਵੇ ਕੀਤੇ ਹਨ ਪਰ ਅਸਲੀਅਤ ਦੀ ਜਾਂਚ ਕਰਨ ਦਾ ਸਮਾਂ ਆ ਗਿਆ ਹੈ। 4 ਜੂਨ ਦਾ ਦਿਨ ਫੋਕੇ ਦਾਅਵਿਆਂ ਦੀ ਫੂਕ ਕੱਢਦਾ ਨਜ਼ਰ ਆਵੇਗਾ। ਸਿਰਫ ਕਾਂਗਰਸ ਪਾਰਟੀ ਹੀ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਦੀਆਂ ਚਿੰਤਾਵਾਂ ਦੂਰ ਕਰ ਸਕਦੀ ਹੈ।” ਰਾਹੁਲ ਗਾਂਧੀ ਦੇ ਦੇਸ਼ ਵਿਆਪੀ ਦੌਰਿਆਂ ਨੇ ਸਾਨੂੰ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਮਝਣ ਦੇ ਯੋਗ ਬਣਾਇਆ ਹੈ, ਜਿੰਨ੍ਹਾਂ ਨੂੰ ਸਾਡੇ ਨਿਆਂ ਪੱਤਰ ਵਿੱਚ ਧਿਆਨ ਨਾਲ ਸੰਬੋਧਿਤ ਕੀਤਾ ਗਿਆ ਹੈ ਅਤੇ ਅਸੀਂ ਉਹਨਾਂ ਚਿੰਤਾਵਾਂ ਅਤੇ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਤਿਆਰ ਹਾਂ। ਕਾਂਗਰਸ ਲੋਕਾਂ ਦੀ ਅਵਾਜ਼ ਦੀ ਨੁਮਾਇੰਦਗੀ ਕਰਦੀ ਹੈ ਅਤੇ ਅਸੀਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਤਾਨਾਸ਼ਾਹੀ ਸ਼ਾਸਨ ਨੂੰ ਖਤਮ ਕਰਨ ਲਈ ਤਿਆਰ ਹਾਂ।”