ਸ਼ੁੱਕਰਵਾਰ ਦੁਪਹਿਰ 12 ਵਜੇ ਦੇ ਕਰੀਬ ਨਜ਼ਦੀਕੀ ਪਿੰਡ ਫਤਿਹਪੁਰ ਬੂੰਗਾ ਸਾਹਿਬ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਜਿਸ ਵਿੱਚ ਦੋ ਨੌਜਵਾਨ ਭਾਖੜਾ ਨਹਿਰ ‘ਚ ਡੁੱਬ ਗਏ। ਇਕ ਨੌਜਵਾਨ ਜੋ ਉਨ੍ਹਾਂ ਦੇ ਨਾਲ ਨਹਾ ਰਿਹਾ ਸੀ, ਖੁਸ਼ਕਿਸਮਤੀ ਨਾਲ ਬਚ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਇਸ ਪਿੰਡ ਵਿਚ ਇਕ ਧਾਰਮਿਕ ਪ੍ਰੋਗਰਾਮ ਸੀ ਜਿਸ ਲਈ ਦੂਰੋਂ-ਦੂਰੋਂ ਰਿਸ਼ਤੇਦਾਰ ਇੱਥੇ ਆਏ ਹੋਏ ਸਨ। ਪਿੰਡ ਦੇ ਨਾਲ-ਨਾਲ ਭਾਖੜਾ ਨਹਿਰ ਜਾਂਦੀ ਹੈ ਜਿਸ ਵਿੱਚ ਨਹਾਉਣ ਲਈ ਤਿੰਨ ਰਿਸ਼ਤੇਦਾਰ ਉੱਥੇ ਪਹੁੰਚ ਗਏ। ਇਕ ਨੌਜਵਾਨ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਡੁੱਬਣ ਲੱਗਾ ਜਿਸ ਨੂੰ ਬਚਾਉਣ ਲਈ ਉਸ ਦੇ ਜੀਜੇ ਵਿੱਕੀ ਨੇ ਛਲਾਂਗ ਮਾਰ ਦਿੱਤੀ। ਸਾਲੇ ਨੂੰ ਬਚਾਉਂਦਾ ਹੋਇਆ ਵਿੱਕੀ ਵੀ ਉਸ ਦੇ ਨਾਲ ਡੁੱਬ ਗਿਆ। ਸਾਬਕਾ ਸਰਪੰਚ ਬਾਲੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਦੋਹਤਾ ਹਨੀਫ਼ ਮੋਹੰਮਦ (ਵਿੱਕੀ ) 30 ਸਾਲ ਅਤੇ ਹਨੀਫ਼ ਦਾ ਸਾਲਾ ਦਿਲਸ਼ਾਦ ਮੋਹੰਮਦ ਉਰਫ ਰਿੱਕੀ ਤੇ ਇਕ ਹੋਰ ਨੌਜਵਾਨ ਮੋਟਰਸਾਈਕਲ ਧੋਣ ਤੇ ਨਹਾਉਣ ਲਈ ਨਾਲ ਵੱਗਦੀ ਭਾਖੜਾ ਨਹਿਰ ਕਿਨਾਰੇ ਚਲੇ ਗਏ। ਨਹਾਉਂਦਿਆਂ ਹੋਇਆ ਦਿਲਸ਼ਾਦ ਮੁਹੰਮਦ ਦਾ ਸੰਤੁਲਨ ਵਿਗੜ ਗਿਆ ਤੇ ਅਚਾਨਕ ਉਹ ਨਹਿਰ ‘ਚ ਡੁੱਬਣ ਲੱਗ ਗਿਆ ਜਿਸ ਨੂੰ ਬਚਾਉਣ ਲਈ ਉਸਦੇ ਜੀਜਾ ਹਨੀਫ ਮੁਹੰਮਦ ਨੇ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਦੋਵੇਂ ਵਗਦੇ ਪਾਣੀ ‘ਚ ਡੁੱਬ ਗਏ।