ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਆਪਣੇ-ਆਪਣੇ ਤਰੀਕੇ ਨਾਲ ਲੋਕਾਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰਨ ‘ਚ ਲੱਗੇ ਹੋਏ ਹਨ। ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਪ੍ਰਨੀਤ ਸ਼ੇਰਗਿੱਲ ਨੇ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ। ਇੱਥੇ ਫਲਾਂ ਰਾਹੀਂ ਆਮ ਲੋਕਾਂ ਨੂੰ ਆਪਣੀ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਉਦਘਾਟਨ ਸ਼ੁੱਕਰਵਾਰ ਨੂੰ ਡੀਸੀ ਪ੍ਰਨੀਤ ਸ਼ੇਰਗਿੱਲ ਨੇ ਕੀਤਾ। ਗਰਮੀਆਂ ਦੇ ਇਨ੍ਹਾਂ ਦਿਨਾਂ ਵਿੱਚ ਇਹ ਫਲ ਜ਼ਿਆਦਾ ਵਿਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਫਲ ਖਰੀਦਣ ਵਾਲਿਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਨਾਲ ਜ਼ਿਲ੍ਹੇ ਵਿੱਚ ਵੋਟ ਪ੍ਰਤੀਸ਼ਤਤਾ ਵਿੱਚ ਵਾਧਾ ਹੋਵੇਗਾ। ਡੀਸੀ ਪ੍ਰਨੀਤ ਸ਼ੇਰਗਿੱਲ ਨੇ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹਰ ਵੋਟਰ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਾ ਲਾਜ਼ਮੀ ਹੈ। ਸਵੀਪ ਪ੍ਰੋਗਰਾਮ ਤਹਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਫਲਾਂ ਰਾਹੀਂ ਵੋਟ ਪਾਉਣ ਦਾ ਸੁਨੇਹਾ ਦੇਣਾ ਇੱਕ ਵੱਖਰੀ ਕਿਸਮ ਦਾ ਉਪਰਾਲਾ ਹੈ। ਇਸ ਨਾਲ ਹਰ ਘਰ ਤੱਕ ਵੋਟਿੰਗ ਦੇ ਸੱਦੇ ਪਹੁੰਚਾਏ ਜਾਣਗੇ।ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ਤਹਿਗੜ੍ਹ ਸਾਹਿਬ ਵਿੱਚ ਫਲਾਂ ਦੀਆਂ ਦੁਕਾਨਾਂ ’ਤੇ ਵੇਚੇ ਜਾ ਰਹੇ ਫਲਾਂ ’ਤੇ ਸਟਿੱਕਰ ਲਗਾ ਦਿੱਤੇ ਹਨ। ਸਟਿੱਕਰਾਂ ‘ਤੇ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ। ਖਾਸ ਤੌਰ ‘ਤੇ ਤਰਬੂਜ, ਨਾਰੀਅਲ ਅਤੇ ਖਰਬੂਜ਼ੇ ਵਰਗੇ ਵੱਡੇ ਫਲਾਂ ‘ਤੇ ਸਟਿੱਕਰ ਲਗਾਏ ਗਏ ਸਨ।