ਦੁਆਬੇ ਦੀ ਜਲੰਧਰ ਅਤੇ ਮਾਲਵਾ ਦੀ ਸੰਗਰੂਰ ਸੀਟ ਨੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀ ਦਾ ਵਕਾਰ ਦਾਅ ’ਤੇ ਲਗਾ ਦਿੱਤਾ ਹੈ। ਦੋਵੇਂ ਹਲਕਿਆਂ ’ਤੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਲਾਂਕਿ ਵੋਟਾਂ ਪੈਣ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਪਿਆ ਹੈ, ਪਰ ਦੋਵੇਂ ਸੀਟਾਂ ਹੌਟ ਸੀਟਾਂ ਬਣ ਗਈਆਂ ਹਨ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਇੱਥੇ ਕਾਂਟੇ ਦੀ ਟੱਕਰ ਹੋਣ ਦੇ ਆਸਾਰ ਬਣ ਗਏ ਹਨ, ਜਿਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਵੇਗਾ। ਸੰਗਰੂਰ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਨੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਮੁੱਖ ਮੰਤਰੀ ਦਾ ਜੱਦੀ ਜਿਲ੍ਹਾ ਤੇ ਧੂਰੀ ਵਿਧਾਨ ਸਭਾ ਹਲਕਾ ਹੋਣ ਕਰਕੇ ਇੱਥੇ ਨਾ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ, ਬਲਕਿ ਉਮੀਦਵਾਰ ਮੀਤ ਹੇਅਰ ਸਮੇਤ ਤਿੰਨ ਕੈਬਨਿਟ ਮੰਤਰੀਆਂ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਲਈ ਵੀ ਇਹ ਸੀਟ ਵਕਾਰ ਦਾ ਸਵਾਲ ਬਣੀ ਹੋਈ ਹੈ। ਸੰਗਰੂਰ ਹਲਕੇ ਤੋ ਭਗਵੰਤ ਮਾਨ ਦੋ ਵਾਰ ਲਗਾਤਾਰ ਐੱਮਪੀ ਬਣਦੇ ਰਹੇ ਹਨ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਤੌਰ ਵਿਧਾਇਕ ਚੁਣੇ ਜਾਣ ਬਾਦ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਜ਼ਿਮਨੀ ਚੋਣ ਵਿਚ ਆਪ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਵਿਧਾਨ ਸਭਾ ਚੋਣਾਂ ਵਿਚ ਸੰਗਰੂਰ ਹਲਕੇ ਦੀਆਂ 9 ਦੀਆਂ 9 ਸੀਟਾਂ ਆਪ ਦੀ ਝੋਲੀ ਪਾਉਣ ਵਾਲੇ ਵੋਟਰਾਂ ਨੇ ਲੋਕ ਸਭਾ ਜ਼ਿਮਨੀ ਚੋਣ ਵਿਚ ਗਰਮ ਖਿਆਲੀ ਆਗੂ ਵਜੋਂ ਜਾਣੇ ਜਾਂਦੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦਾ ਮਾਣ ਬਖ਼ਸਿਆ ਸੀ।ਕਾਂਗਰਸ ਪਾਰਟੀ ਨੇ ਇਥੋਂ ਤੇਜ਼ ਤਰਾਰ ਨੇਤਾ ਅਤੇ ਵੱਖ ਵੱਖ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਹੈ ਤੇ ਅਕਾਲੀ ਦਲ ਨੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੂੰ ਚੋਣ ਮੈਦਾਨ ਵਿਚ ਭੇਜਿਆ ਹੈ। ਇਹ ਗੱਲ ਵੱਖਰੀ ਹੈ ਕਿ ਅਕਾਲੀ ਉਮੀਦਵਾਰ ਨਾਲ ਅਜੇ ਤੱਕ ਢੀਡਸਾ ਪਰਿਵਾਰ ਅਤੇ ਧੜਾ ਨਹੀਂ ਚੱਲਿਆ। ਜਦਕਿ ਸਿਮਰਨਜੀਤ ਸਿੰਘ ਮਾਨ ਫਿਰ ਤੋਂ ਕਿਸਮਤ ਅਜ਼ਮਾ ਰਹੇ ਹਨ। ਭਾਜਪਾ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ। ਦੂਜੇ ਪਾਸੇ ਜਲੰਧਰ ਸੀਟ ’ਤੇ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਇਆ ਹੈ। ਦੁਆਬੇ ਵਿਚ ਦਲਿਤ ਬਹੁ ਵਸੋਂ ਹੈ। ਕਾਂਗਰਸ ਨੇ ਪਹਿਲੀ ਵਾਰ ਸੂਬੇ ਵਿਚ ਦਲਿਤ ਨੇਤਾ ਨੂੰ ਮੁੱਖ ਮੰਤਰੀ ਬਣਾਇਆ ਸੀ। ਚਰਚਾ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਦੁਆਬੇ ਵਿਚ ਚੰਨੀ ਜਾਦੂ ਚੱਲਿਆ ਸੀ, ਪਰ ਇਸ ਵਾਰ ਸਾਬਕਾ ਸੰਸਦ ਮਰਹੂਮ ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਚੰਨੀ ’ਤੇ ਬਾਹਰੀ ਉਮੀਦਵਾਰ ਦਾ ਦੋਸ਼ ਲਾ ਰਹੇ ਹਨ। ਪਾਰਟੀ ਨੇ ਵਿਕਰਮਜੀਤ ਚੌਧਰੀ ਨੂੰ ਮੁਅੱਤਲ ਵੀ ਕਰ ਦਿੱਤਾ ਹੈ, ਪਰ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਚੰਨੀ ਦੇ ਕੁੜਮ ਮਹਿੰਦਰ ਸਿੰਘ ਕੇਪੀ ਜੋ ਜਲੰਧਰ ਤੋ ਸੰਸਦ ਮੈਂਬਰ ਰਹਿ ਚੁੱਕੇ ਹਨ, ਵੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਹੈ। ਇਸੀ ਤਰ੍ਹਾਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਵੀ ਮੂਲ ਰੂਪ ਵਿਚ ਕਾਂਗਰਸੀ ਸੀ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਹਨ। ਬਸਪਾ ਨੇ ਇਥੋ ਨੌਜਵਾਨ ਆਗੂ ਬਲਵਿੰਦਰ ਕੁਮਾਰ ਨੂੰ ਉਤਾਰਿਆ ਹੈ। ਚੰਨੀ ਲਈ ਕਾਂਗਰਸੀਆਂ ਨੂੰ ਨਾਲ ਲੈ ਕੇ ਚੱਲਣਾ ਅਤੇ ਦਲਿਤ ਆਗੂ ਵਜੋ ਉਭਰਨ ਲਈ ਇਹ ਸੀਟ ਵਕਾਰ ਦਾ ਸਵਾਲ ਹੈ।