ਮੁਹਾਲੀ ਦੇ ਸੈਕਟਰ 67 ‘ਚ ਸੜਕ ‘ਤੇ ਜਾਂਦੇ ਸਮੇਂ ਇਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਟਰੱਕ ਦੇ ਡਰਾਈਵਰ ਅਤੇ ਹੈਲਪਰ ਨੇ ਤੁਰੰਤ ਟਰੱਕ ਤੋਂ ਹੇਠਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਟਰੱਕ ਨੂੰ ਅੱਗ ਲੱਗੀ ਦੇਖ ਕੇ ਰਾਹਗੀਰਾਂ ‘ਚ ਦਹਿਸ਼ਤ ਫੈਲ ਗਈ। ਲੋਕਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਫ਼ਾਇਰ ਬ੍ਰਿਗੇਡ ਦੀ ਗੱਡੀ ਨੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ। ਬਾਅਦ ‘ਚ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਨੂੰ ਸੜਕ ਤੋਂ ਹਟਾਇਆ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਤੋਂ ਬਾਅਦ ਜਦੋਂ ਟਰੱਕ ਦੀ ਜਾਂਚ ਕੀਤੀ ਗਈ ਤਾਂ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਟਰੱਕ ‘ਚ ਅੱਗ ਬਿਜਲੀ ਦੀਆਂ ਤਾਰਾਂ ‘ਚ ਨੁਕਸ ਪੈਣ ਕਾਰਨ ਲੱਗੀ ਹੈ। ਇਸ ’ਚ ਸਪਾਰਕਿੰਗ ਹੋਣ ਕਾਰਨ ਟਰੱਕ ਦੇ ਇੰਜਣ ਨੂੰ ਸਪਲਾਈ ਕੀਤੇ ਡੀਜ਼ਲ ਨੂੰ ਅੱਗ ਲੱਗ ਗਈ। ਟਰੱਕ ਸੜਕ ‘ਤੇ ਜਾ ਰਿਹਾ ਸੀ, ਇਸ ਲਈ ਹਵਾ ਕਾਰਨ ਅੱਗ ਤੇਜ਼ੀ ਨਾਲ ਪੂਰੇ ਟਰੱਕ ‘ਚ ਫੈਲ ਗਈ। ਹਾਲਾਂਕਿ ਇਸ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।