ਮਹਿਤਾ ਚੌਕ ਨੇੜੇ ਹੋਏ ਦਰਦਨਾਕ ਹਾਦਸੇ ‘ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ, ਫਿੱਸ ਗਿਆ ਮਾਸੂਮ ਦਾ ਸਿਰ

ਮਹਿਤਾ ਚੌਕ ਤੋਂ ਇਕ ਕਿਲੋਮੀਟਰ ਦੂਰ ਘੁਮਾਣ ਰੋਡ ‘ਤੇ ਖੱਬੇ ਰਾਜਪੂਤਾਂ ਤੇ ਸੈਦੂਕੇ ਪਿੰਡ ਦੇ ਮੋੜ ‘ਤੇ ਕਣਕ ਦੇ ਨਾੜ ਨੂੰ ਲਗਾਈ ਗਈ ਅੱਗ ਕਾਰਨ ਧੂੰਏ ‘ਚ ਫੱਸ ਕੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਮਰਜੋਤ ਸਿੰਘ (35), ਉਸ ਦੀ ਮਾਤਾ ਬਲਬੀਰ ਕੌਰ (78) ਤੇ ਅਮਰਜੋਤ ਸਿੰਘ ਦਾ ਛੋਟਾ ਜਿਹਾ ਮਾਸੂਮ ਬੱਚਾ ਅਰਮਾਨ ਸਿੰਘ ਪਿੰਡ ਕੋਟਲਾ ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਆਪਣੇ ਮੋਟਰਸਾਈਕਲ ‘ਤੇ ਜਾ ਰਹੇ ਸਨ। ਖੱਬੇ ਰਾਜਪੂਤਾਂ ਦੇ ਮੋੜ ‘ਤੇ ਕਣਕ ਦੇ ਦੋ ਏਕੜ ਨਾੜ ਨੂੰ ਲਗਾਈ ਅੱਗ ਕਾਰਨ ਤੇਜ਼ ਹਵਾ ਦੇ ਚਲਦਿਆਂ ਸੜਕ ਉੱਤੇ ਫੈਲੇ ਸੰਘਣੇ ਧੂੰਏਂ ‘ਚੋਂ ਜਦ ਅਮਰਜੋਤ ਸਿੰਘ ਆਪਣੇ ਮੋਟਰਸਾਈਕਲ ਨੂੰ ਲੈ ਕੇ ਲੰਘ ਰਿਹਾ ਸੀ ਤਾਂ ਅੱਗੋਂ ਆਉਂਦੀ ਇੱਕ ਗੱਡੀ ਨਾਲ ਟਕਰਾ ਗਿਆ ਜਿਸ ਕਾਰਨ ਮੌਕੇ ‘ਤੇ ਹੀ ਤਿੰਨਾਂ ਜੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਮਾਸੂਮ ਬੱਚੇ ਅਰਮਾਨ ਸਿੰਘ ਦਾ ਸਿਰ ਬੁਰੀ ਤਰ੍ਹਾਂ ਫਿੱਸ ਗਿਆ। ਅਮਰਜੋਤ ਸਿੰਘ ਤੇ ਉਸਦੀ ਮਾਤਾ ਬਲਬੀਰ ਕੌਰ ਵੀ ਬੁਰੀ ਤਰ੍ਹਾਂ ਕੁਚਲੇ ਗਏ। ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਨੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਕਥਿਤ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਥਾਣਾ ਮਹਿਤਾ ਚੌਕ ਦੇ ਮੁਖੀ ਗਗਨਦੀਪ ਸਿੰਘ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਉੱਥੇ ਪਹੁੰਚੇ ਤੇ ਬਣਦੀ ਕਾਰਵਾਈ ਕੀਤੀ। ਟਰੱਕ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *