ਮੋਗਾ ‘ਚ ਹੰਸ ਰਾਜ ਹੰਸ ਦਾ ਮੁੜ ਵਿਰੋਧ; ਕਿਸਾਨਾਂ ਦੇ ਰੋਸ ਕਾਰਨ ਪਿੰਡ ਦਾ ਦੌਰਾ ਕੀਤਾ ਰੱਦ

ਮੋਗਾ ਦੇ ਪਿੰਡ ਡੇਮਰੂ ਵਿਚ ਸ਼ਨਿਚਰਵਾਰ ਨੂੰ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਇਕ ਵਾਰ ਫਿਰ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ। ਭਾਜਪਾ ਉਮੀਦਵਾਰ ਦੀ ਸੁਰੱਖਿਆ ਲਈ ਭਾਰੀ ਪੁਲਿਸ ਬਲ ਤਾਇਨਾਤ ਸੀ। ਇਸ ਦੇ ਬਾਵਜੂਦ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਪਿੰਡ ਦੇ ਇਲਾਕੇ ਦਾ ਦੌਰਾ ਰੱਦ ਕਰ ਦਿਤਾ। ਡੇਮਰੂ ਵਿਚ ਜਿਸ ਥਾਂ ’ਤੇ ਭਾਜਪਾ ਉਮੀਦਵਾਰ ਦੀ ਰੈਲੀ ਹੋਣੀ ਸੀ, ਉਸ ਥਾਂ ’ਤੇ ਵੱਡੀ ਗਿਣਤੀ ਵਿਚ ਕੁਰਸੀਆਂ ਖਾਲੀ ਨਜ਼ਰ ਆਈਆਂ। ਕਿਸਾਨਾਂ ਦੇ ਵਿਰੋਧ ਕਾਰਨ ਪਿੰਡ ਵਾਸੀ ਵੀ ਉੱਥੇ ਨਹੀਂ ਪੁੱਜੇ। ਉਕਤ ਜਾਣਕਾਰੀ ਦਿੰਦਿਆਂ ਕਿਸਾਨ ਆਗੁ ਇਕਬਾਲ ਸਿੰਘ ਨੇ ਦਸਿਆ ਕਿ ਅੱਜ ਅਸੀਂ ਸਾਂਝੇ ਕਿਸਾਨ ਮੋਰਚਾ ਦੇ ਬੈਨਰ ਹੇਠ ਹਲਕਾ ਫਰੀਦਕੋਟ ਦੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕੀਤਾ ਹੈ| ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਲਖੀਮਪੁਰ ਖੇੜੀ ਵਿਚ ਸਾਡੇ ਕਿਸਾਨਾਂ ’ਤੇ ਅੱਤਿਆਚਾਰ ਕੀਤੇ ਗਏ। ਪੱਤਰਕਾਰ ‘ਤੇ ਹਮਲਾ ਕੀਤਾ ਗਿਆ। ਜਿਨ੍ਹਾਂ ਨੂੰ ਫਾਂਸੀ ਦਿਤੀ ਜਾਣੀ ਸੀ, ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨਾਂ ਵਲੋਂ ਭਾਜਪਾ ਦਾ ਬਾਈਕਾਟ ਕੀਤਾ ਗਿਆ ਹੈ। ਜੇਕਰ ਕੋਈ ਭਾਜਪਾ ਵਰਕਰ ਜਾਂ ਕੋਈ ਉਮੀਦਵਾਰ ਕਿਸੇ ਵੀ ਪਿੰਡ ਵਿਚ ਜਾ ਕੇ ਵੋਟਾਂ ਮੰਗਣ ਜਾਂਦਾ ਹੈ ਤਾਂ ਉਸ ਦਾ ਇਸ ਤਰ੍ਹਾਂ ਵਿਰੋਧ ਕੀਤਾ ਜਾਵੇਗਾ।

Leave a Reply

Your email address will not be published. Required fields are marked *