ਹਵਸ ਵਿੱਚ ਅੰਨ੍ਹੇ ਹੋਏ ਫੈਕਟਰੀ ਮਾਲਕ ਦੇ ਪੁੱਤਰ ਨੇ ਆਪਣੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਦੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤਾ l ਮੁਲਜ਼ਮ ਦੇ ਇਸ ਹੈਵਾਨੀਅਤ ਭਰੇ ਕਾਰੇ ਵਿੱਚ ਉਸ ਦਾ ਇੱਕ ਦੋਸਤ ਵੀ ਸ਼ਾਮਿਲ ਸੀ l ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਗ੍ਰੀਨ ਸਿਟੀ ਦੇ ਵਾਸੀ ਸਈਅਮ ਅਤੇ ਉਸ ਅਣਪਛਾਤੇ ਦੋਸਤ ਖਿਲਾਫ਼ ਗੈਂਗ ਰੇਪ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ l ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਸਈਅਮ ਦੇ ਪਿਤਾ ਬੱਬਨ ਦੀ ਫੈਕਟਰੀ ਵਿੱਚ ਨੌਕਰੀ ਕਰਦਾ ਹੈ l ਸ਼ਿਕਾਇਤਕਰਤਾ ਦੀ ਨਾਬਾਲਗ ਧੀ ਫੈਕਟਰੀ ਮਾਲਕ ਦੇ ਘਰ ਵਿੱਚ ਕੰਮ ਕਰਦੀ ਅਤੇ ਉੱਥੇ ਹੀ ਰਹਿੰਦੀ ਸੀ ਕੁਝ ਦਿਨ ਪਹਿਲੋਂ ਜਦ ਲੜਕੀ ਘਰ ਆਈ ਤਾਂ ਉਸਨੇ ਜੋ ਕੁਝ ਦੱਸਿਆ ਉਹ ਸੁਣ ਕੇ ਪਰਿਵਾਰਿਕ ਮੈਂਬਰਾਂ ਦੇ ਹੋਸ਼ ਉੱਡ ਗਏ l ਲੜਕੀ ਨੇ ਦੱਸਿਆ ਕਿ ਫੈਕਟਰੀ ਮਾਲਕ ਦਾ ਪੁੱਤਰ ਆਪਣੇ ਇੱਕ ਦੋਸਤ ਦੇ ਨਾਲ ਘਰ ਆਇਆ ਅਤੇ ਲੜਕੀ ਨੂੰ ਘਰ ਵਿੱਚ ਇਕੱਲਿਆਂ ਦੇਖ ਕੇ ਦੋਵਾਂ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ l ਉਧਰੋਂ ਇਸ ਮਾਮਲੇ ਵਿੱਚ ਥਾਣਾ ਦਰੇਸੀ ਦੇ ਏਐਸਆਈ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ 22 ਸਾਲਾ ਸਈਅਮ ਪੜ੍ਹਾਈ ਕਰਨ ਦੇ ਨਾਲ ਨਾਲ ਆਪਣੇ ਪਿਤਾ ਦੀ ਫੈਕਟਰੀ ਵਿੱਚ ਵੀ ਕੰਮ ਕਰਦਾ ਹੈ l ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਤੇ ਸਈਅਮ ਅਤੇ ਉਸਦੇ ਦੋਸਤ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।