ਆਸ਼ਾ ਵਰਕਰਾਂ ਤੇ ਮਿਡ-ਡੇ-ਮੀਲ ਵਰਕਰਾਂ ਦੀ ਲੱਗੀ ਚੋਣ ਡਿਊਟੀ , 200 ਰੁਪਏ ਪ੍ਰਤੀ ਦਿਨ ਮਿਲੇਗਾ ਮਾਨ ਭੱਤਾ

ਪੰਜਾਬ ‘ਚ ਲੋਕ ਸਭਾ ਚੋਣਾਂ ਦੌਰਾਨ ਪੋਲਿੰਗ ਪਾਰਟੀਆਂ ਨੂੰ ਖਾਣੇ ਜਾਂ ਸਿਹਤ ਸੰਬੰਧੀ ਸਮੱਸਿਆਵਾਂ ਆਉਣ ‘ਤੇ ਤੁਰੰਤ ਮਦਦ ਮਿਲੇਗੀ। ਇਸ ਦੇ ਲਈ ਚੋਣ ਕਮਿਸ਼ਨ ਨੇ ਮਿਡ-ਡੇ-ਮੀਲ ਵਰਕਰਾਂ ਅਤੇ ਹੀਟ ਵੇਵ ਪ੍ਰਬੰਧਨ ਲਈ ਆਸ਼ਾ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਇਸ ਦੇ ਲਈ ਮਿਡ ਡੇ ਮੀਲ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ 200 ਰੁਪਏ ਪ੍ਰਤੀ ਦਿਨ ਮਾਨ ਭੱਤਾ ਦਿੱਤਾ ਜਾਵੇਗਾ। ਇਹ ਹੁਕਮ ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਇਹ ਮਾਨ ਭੱਤਾ ਦਰਜਾ ਚਾਰ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ ਭੱਤਿਆਂ ਦੀ ਤਰਜ਼ ‘ਤੇ ਮਿਲੇਗਾ। ਜੇਕਰ ਹੁਕਮਾਂ ਵਿੱਚ ਕੋਈ ਅਣਗਹਿਲੀ ਪਾਈ ਗਈ ਤਾਂ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਵਾਰ ਸੂਬੇ ‘ਚ ਕਰੀਬ ਡੇਢ ਲੱਖ ਮੁਲਾਜ਼ਮ ਚੋਣ ਡਿਊਟੀ ਨਿਭਾਉਣਗੇ। ਇਸ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਕਰਮਚਾਰੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਵਾਰ ਚੋਣਾਂ ਵਿੱਚ ਵੋਟਿੰਗ ਦਾ ਟੀਚਾ 70 ਫੀਸਦੀ ਰੱਖਿਆ ਗਿਆ ਹੈ। ਪੰਜ ਲੱਖ ਵੋਟਰ 18 ਤੋਂ 19 ਸਾਲ ਦੀ ਉਮਰ ਦੇ ਹਨ, ਜੋ ਇਸ ਵਾਰ ਪਹਿਲੀ ਵਾਰ ਵੋਟ ਪਾਉਣਗੇ। ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਇਸ ਤਜ਼ਰਬੇ ਨੂੰ ਯਾਦਗਾਰੀ ਬਣਾਇਆ ਜਾਵੇ। ਜਿਸ ਲਈ ਨੌਜਵਾਨ ਵੋਟਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਮਿਸ਼ਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਲਈ ਜ਼ਿਆਦਾ ਦੂਰ ਨਾ ਜਾਣਾ ਪਵੇ। ਦੋ ਕਿਲੋਮੀਟਰ ਦੇ ਘੇਰੇ ਵਿੱਚ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਤੋਂ ਇਲਾਵਾ ਕਮਿਸ਼ਨ ਵੱਲੋਂ ਸਾਰੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਵਾਰ ਪੰਜਾਬ ਵਿੱਚ 2.14 ਕਰੋੜ ਲੋਕ ਆਪਣੀ ਵੋਟ ਪਾਉਣਗੇ। ਇਨ੍ਹਾਂ ਵਿੱਚੋਂ 5.28 ਲੱਖ ਪਹਿਲੀ ਵਾਰ ਵੋਟ ਪਾਉਣਗੇ। 1.89 ਲੱਖ ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। 1 ਕਰੋੜ 12 ਲੱਖ 67 ਹਜ਼ਾਰ 19 (112,67,019) ਪੁਰਸ਼ ਵੋਟਰ, 1 ਕਰੋੜ 1 ਲੱਖ 53 ਹਜ਼ਾਰ 767 ਮਹਿਲਾ ਵੋਟਰ ਅਤੇ 769 ਹੋਰ ਵੋਟਰ ਹਨ। ਇਸ ਦੇ ਇਲਾਵਾ 24451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। 16517 ਪਿੰਡ ਅਤੇ 7934 ਕਸਬੇ ਸਥਾਪਿਤ ਕੀਤੇ ਗਏ ਹਨ। ਸਾਰੇ ਵੋਟਰਾਂ ਦੇ ਸ਼ਨਾਖਤੀ ਕਾਰਡ ਬਣ ਚੁੱਕੇ ਹਨ। 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

Leave a Reply

Your email address will not be published. Required fields are marked *