ਅੰਮ੍ਰਿਤਸਰ ਦੇ ਪਿੰਡ ਨੰਗਲੀ ਵਿਖੇ ਇੱਕ ਬੰਦੂਕ ’ਚੋਂ ਭੇਦ ਭਰੇ ਹਾਲਾਤਾਂ ਨਾਲ ਗੋਲ਼ੀ ਚੱਲਣ ਦੇ ਨਾਲ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਪੁੱਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਪਿਤਾ ਦਾ ਨਾਮ ਭਿੰਦਾ ਸ਼ਾਹ ਦੱਸਿਆ ਜਾ ਰਿਹਾ ਹੈ ਜਦ ਕਿ ਉਹਨਾਂ ਦਾ ਪੁੱਤ ਅਮਰਬੀਰ ਸਿੰਘ ਹਸਪਤਾਲ ’ਚ ਭਰਤੀ ਹੈ। ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਅਮਰਬੀਰ ਕੱਲ੍ਹ ਹੀ ਬਾਰਵੀਂ ਜਮਾਤ ’ਚੋਂ ਪਾਸ ਹੋਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ 15 ਸਾਲ ਪੁਰਾਣੀ ਰਿਪੇਅਰ ਕਰਵਾ ਕੇ ਲਿਆਂਦੀ ਗਈ ਬੰਦੂਕ ’ਚੋਂ ਦੋ ਗੋਲ਼ੀਆਂ ਚੱਲੀਆਂ, ਇੱਕ ਗੋਲ਼ੀ ਨਾਲ ਪਿਤਾ ਦੀ ਮੌਤ ਦੂਸਰੀ ਗੋਲ਼ੀ ਲੱਗਣ ਨਾਲ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਮੁਲਾਜ਼ਮ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਕੋਲ ਇੱਕ ਪੁਰਾਣੀ ਦੁਨਾਲੀ ਸੀ ਜਿਸ ਨੂੰ ਉਹ ਬੀਤੇ ਦਿਨ ਅਸਲੇ ਦੀ ਦੁਕਾਨ ਤੋਂ ਰਿਪੇਅਰ ਕਰਵਾ ਕੇ ਲਿਆਇਆ ਸੀ। ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦ ਮ੍ਰਿਤਕ ਦਾ ਲੜਕਾ ਅਮਰਬੀਰ ਸਿੰਘ ਦੁਨਾਲੀ ਨੂੰ ਚੈੱਕ ਕਰ ਰਿਹਾ ਸੀ ਤਾਂ ਉਸ ’ਚੋਂ ਇੱਕ ਗੋਲ਼ੀ ਚੱਲ ਕੇ ਉਸ ਦੇ ਪਿਤਾ ਦੇ ਜਾ ਲੱਗੀ ਅਤੇ ਜਦ ਗੋਲ਼ੀ ਚੱਲਣ ਤੋਂ ਬਾਅਦ ਉਸ ਨੇ ਦੁਨਾਲੀ ਹੇਠਾਂ ਰੱਖੀ ਤਾਂ ਦੂਸਰੀ ਗੋਲ਼ੀ ਚੱਲਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੱਜ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।