ਬੀਤੀ ਰਾਤ ਅਬੋਹਰ ਦੇ ਪਿੰਡ ਕਿੱਕਰਖੇੜਾ ਵਿਚ ਖੇਤਾਂ ਵਿਚ ਪਾਣੀ ਦੀ ਲਾਈਨ ਵਿਛਾਉਣ ਨੂੰ ਲੈ ਕੇ ਪ੍ਰਵਾਰ ਵਿੱਚ ਤਕਰਾਰ ਹੋ ਗਈ। ਇਸ ਖੂਨੀ ਟਕਰਾਅ ਵਿੱਚ ਪਿਓ-ਪੁੱਤ ਸਮੇਤ ਪੰਜ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਲ਼ਰਨ ਵਾਲੇ ਆਪਸ ਵਿਚ ਹੀ ਚਾਚਾ ਭਤੀਜਾ ਹਨ ਅਤੇ ਜ਼ਖ਼ਮੀ ਹਾਲਤ ‘ਚ ਸਰਕਾਰੀ ਹਸਪਤਾਲ ‘ਚ ਦਾਖਲ ਹਨ। ਥਾਣਾ ਬਹਾਵਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਜ ਅਧੀਨ ਭੂਰ ਸਿੰਘ ਪੁੱਤਰ ਬੂਟਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਆਪਣੇ ਖੇਤਾਂ ਨੂੰ ਪਾਣੀ ਲਾਉਣ ਦੀ ਵਾਰੀ ਸੀ। ਉਹ ਕਰੀਬ ਅੱਠ ਵਜੇ ਪਾਣੀ ਲਾਉਣ ਲਈ ਪਹੁੰਚੇ ਤਾਂ ਜੋ ਉਹ ਖੇਤ ਵਿੱਚ ਨਰਮਾ ਬੀਜ ਸਕਣ ਪਰ ਉਸ ਦੇ ਭਤੀਜੇ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਬੇਟੇ ਨੇ ਉਸ ‘ਤੇ ਤਲਵਾਰਾਂ ਨਾਲ ਹਮਲਾ ਕੀਤਾ। ਜਿਸ ਕਾਰਨ ਉਸ ਦੇ ਸਿਰ ‘ਤੇ ਡੂੰਘਾ ਜ਼ਖ਼ਮ ਹੋ ਗਿਆ। ਜਦੋਂ ਉਸ ਦਾ ਲੜਕਾ ਦੁੱਲਾ ਸਿੰਘ ਉਸ ਨੂੰ ਬਚਾਉਣ ਆਇਆ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸੇ ਤਰ੍ਹਾਂ ਦੂਸਰੀ ਧਿਰ ਦੀ ਜਸਪ੍ਰੀਤ ਕੌਰ ਪਤਨੀ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਦੇ ਖੇਤ ਵਿੱਚ ਪਿਛਲੀਆਂ ਦੋ ਪਾਣੀ ਦੀਆਂ ਲਾਈਨਾਂ ਪਹਿਲੀ ਧਿਰ ਦੇ ਲੋਕਾਂ ਵੱਲੋਂ ਪਾਈਆਂ ਗਈਆਂ ਸਨ। ਜਦੋਂਕਿ ਹੁਣ ਪਾਣੀ ਦੀਆਂ ਦੋ ਲਾਈਨਾਂ ਲਗਾਉਣ ਦੀ ਵਾਰੀ ਸੀ। ਇਸ ਲਈ ਜਦੋਂ ਉਹ ਖੇਤ ਨੂੰ ਪਾਣੀ ਲਗਾਉਣ ਆਏ ਤਾਂ ਬੂਟਾ ਸਿੰਘ ਨੇ ਉਸ ਦੇ ਸਿਰ ’ਤੇ ਤਲਵਾਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਈ। ਜਦੋਂ ਉਸ ਦਾ ਪਤੀ ਰੇਸ਼ਮ ਸਿੰਘ, ਪੁੱਤਰ ਹਰਨੇਕ ਸਿੰਘ ਅਤੇ ਪੁੱਤਰ ਨਰਿੰਦਰ ਸਿੰਘ ਉਸ ਨੂੰ ਬਚਾਉਣ ਲਈ ਆਏ ਤਾਂ ਉਕਤ ਪਿਓ-ਪੁੱਤ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿਤਾ। ਸਾਰਿਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।