ਚਾਚੇ ਨੂੰ ਰੋਟੀ ਦੇਣ ਜਾ ਰਹੇ ਭਤੀਜੇ ਨੂੰ ਟਰੱਕ ਨੇ ਕੁਚਲਿਆ, ਮੌਤ

ਜਲੰਧਰ ਵਿੱਚ ਕਾਲਾ ਸਿੰਘਾ ਪੁਲੀ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ 14 ਸਾਲਾ ਲੜਕੇ ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ‘ਚ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਸਤੀ ਸ਼ੇਖ ਵਾਸੀ ਰੌਣਿਤ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਰੌਣਿਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਲੋਕਾਂ ਨੇ ਹਾਦਸੇ ਤੋਂ ਬਾਅਦ ਭੱਜਣ ਵਾਲੇ ਟਰੱਕ ਚਾਲਕ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਮ੍ਰਿਤਕ ਦੇ ਭਰਾ ਤਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਬਸਤੀ ਸ਼ੇਖ ਵਿੱਚ ਪਰਿਵਾਰ ਸਮੇਤ ਰਹਿੰਦਾ ਸੀ। ਮੇਰਾ ਭਰਾ ਸਵੇਰੇ ਚਾਚੇ ਨੂੰ ਰੋਟੀ ਦੇਣ ਘਰੋਂ ਨਿਕਲਿਆ ਸੀ। ਇੱਕ ਟਰੱਕ ਡਰਾਈਵਰ ਨੇ ਟਰੱਕ ਮੇਰੇ ਭਰਾ ਉਪਰ ਚੜਾ ਦਿਤਾ। ਜਦੋਂ ਕਾਫੀ ਦੇਰ ਤੱਕ ਮੇਰਾ ਭਰਾ ਘਰ ਨਹੀਂ ਪਰਤਿਆ ਤਾਂ ਮਾਂ ਨੂੰ ਚਿੰਤਾ ਹੋਣ ਲੱਗੀ। ਇਸ ਤੋਂ ਬਾਅਦ ਤਜਿੰਦਰ ਨੇ ਆਪਣੇ ਭਰਾ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਕਈ ਵਾਰ ਫੋਨ ਕਰਨ ਤੋਂ ਬਾਅਦ ਕਿਸੇ ਵਿਅਕਤੀ ਨੇ ਫੋਨ ਚੁੱਕਿਆ ਅਤੇ ਦੱਸਿਆ ਕਿ ਭਰਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਤੁਸੀਂ ਤੁਰੰਤ ਮੌਕੇ ‘ਤੇ ਪਹੁੰਚੋ। ਤਜਿੰਦਰ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਭਰਾ ਦੀ ਮੌਤ ਹੋ ਚੁੱਕੀ ਸੀ। ਤਜਿੰਦਰ ਨੇ ਦੱਸਿਆ ਕਿ ਭਰਾ ਸਤਨਾਮ ਧਰਮ ਸਕੂਲ ਵਿੱਚ ਪੜ੍ਹਦਾ ਸੀ। ਉਸ ਦੀ ਉਮਰ 14 ਸਾਲ ਦੇ ਕਰੀਬ ਸੀ। ਤਜਿੰਦਰ ਨੇ ਦੱਸਿਆ ਕਿ ਰੌਣਿਤ ਆਪਣੀ ਐਕਟਿਵਾ ਲੈ ਕੇ ਘਰੋਂ ਨਿਕਲਿਆ ਸੀ। ਰੌਣਿਤ ਦੀ ਮੌਤ ਦਾ ਪਤਾ ਲੱਗਦਿਆਂ ਹੀ ਸਾਰਾ ਪਰਿਵਾਰ ਅਤੇ ਇਲਾਕਾ ਨਿਵਾਸੀ ਮੌਕੇ ‘ਤੇ ਇਕੱਠੇ ਹੋ ਗਏ। ਜਿਸ ਤੋਂ ਬਾਅਦ ਕਾਲਾ ਸਿੰਘਾ ਰੋਡ ਚੁੰਗੀ ਨੇੜੇ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ। ਹੰਗਾਮੇ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਡਵੀਜ਼ਨ ਨੰਬਰ 5 ਦੇ ਐਸਐਚਓ ਭਾਰਤ ਭੂਸ਼ਣ ਨੇ ਪਰਿਵਾਰ ਨੂੰ ਕਿਸੇ ਤਰ੍ਹਾਂ ਸ਼ਾਂਤ ਕੀਤਾ ਅਤੇ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *