ਗੁਰੂ ਘਰਾਂ ‘ਚ ਰੁਮਾਲਾ ਸਾਹਿਬ ਭੇਂਟ ਕਰਨ ਬਾਰੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੁਰੂ ਘਰਾਂ, ਖ਼ਾਸ ਕਰਕੇ ਸ੍ਰੀ ਸ੍ਰੀ ਦਰਬਾਰ ਸਾਹਿਬ ਵਿਚ ਰੁਮਾਲਾ ਭੇਂਟ ਕਰਨ ਨੂੰ ਲੈ ਕੇ ਉਹਨਾਂ ਨੇ ਵੱਡਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਹੈ ਸ੍ਰੀ ਦਰਬਾਰ ਸਾਹਿਬ ਵਿਚ ਬਹੁਤ ਹੀ ਮਾੜੀ ਕੁਆਇਲਟੀ ਦੇ ਰੁਮਾਲੇ ਆ ਰਹੇ। ਇਸ ਦੇ ਪਿੱਛੇ ਵੱਡੀ ਵਜ੍ਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਗੈਰ-ਸਿੱਖ ਦੁਕਾਨਦਾਰਾਂ ਵੱਲੋਂ ਰੁਮਾਲੇ ਵੇਚੇ ਜਾ ਰਹੇ ਹਨ, ਰੁਮਾਲੇ ਨਾ ਸਿਰਫ਼ ਮਾੜੀ ਕੁਆਇਲਟੀ ਦੇ ਹਨ ਬਲਕਿ ਮਰਿਆਦਾ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਰੁਮਾਲਿਆਂ ਵਿਚ ਲੱਗੇ ਗੱਤੇ ਅਤੇ ਅਖ਼ਬਾਰੀ ਕਾਗਜ਼ ਦੀ ਕੁਆਲਿਟੀ ਇੰਨੀ ਮਾੜੀ ਹੁੰਦੀ ਹੈ ਕਿ ਉਹਨਾਂ ਵਿਚੋਂ ਬਦਬੂ ਆਉਂਦੀ ਹੈ ਪਰ ਦੁਕਾਨਦਾਰ ਲੋਕਾਂ ਦੀ ਸ਼ਰਧਾ ਦੀ ਥਾਂ ਆਪਣੇ ਵਪਾਰ ਨੂੰ ਤਰਜੀਹ ਦੇ ਰਹੇ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਗਤਾਂ ਤੇ ਐੱਸਜੀਪੀਸੀ ਨੂੰ ਵੀ ਅਹਿਮ ਅਪੀਲ ਕੀਤੀ ਹੈ। ਜਥੇਦਾਰ ਨੇ ਸੰਗਤਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗੁਰੂ ਘਰ ਰੁਮਾਲਾ ਭੇਟ ਕਰਨ ਦੀ ਥਾਂ ’ਤੇ ਲੰਗਰਾਂ ਜਾਂ ਇਮਾਰਤਾਂ ਦੀ ਸੇਵਾ ਵਿਚ ਯੋਗਦਾਨ ਪਾਉਣ। ਜੇ ਰੁਮਾਲਾ ਭੇਟ ਕਰਨ ਦੀ ਸ਼ਰਧਾ ਹੈ ਤਾਂ ਰੁਮਾਲਾ ਉਸ ਦੁਕਾਨਦਾਰ ਕੋਲੋਂ ਲਿਆ ਜਾਵੇ ਜਿਸ ਨੇ ਚੰਗੀ ਕੁਆਇਲਟੀ ਦਾ ਰੁਮਾਲਾ ਰੱਖਿਆ ਹੋਵੇ। ਜਥੇਦਾਰ ਨੇ ਖ਼ੁਲਾਸਾ ਕੀਤਾ ਹੈ ਕਿ ਘੰਟਾ ਘਰ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਦੁਕਾਨਦਾਰ ਰੇਹੜੀਆਂ ’ਤੇ ਜਾਂ ਹੱਥ ਵਿਚ ਫੜ ਕੇ ਹੀ ਰੁਮਾਲਾ ਸਾਹਿਬ ਵੇਚ ਰਹੇ ਹੁੰਦੇ ਹਨ। ਗੁਰੂ ਸਾਹਿਬ ਦੀ ਮਰਿਆਦਾ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ। ਹੋ ਸਕਦਾ ਹੈ ਕਿ ਉਹ ਕਿਸੇ ਨਸ਼ੇ ਦੀ ਵਰਤੋਂ ਵੀ ਕਰਦੇ ਹੋਣ। ਸੰਗਤ ਵਿਚ ਭਰਮ ਜਾਲ ਫੈਲਾਇਆ ਜਾ ਰਿਹਾ ਹੈ ਕਿ ਜੇ ਸੰਗਤ ਰੁਮਾਲਾ ਨਹੀਂ ਚੜ੍ਹਾਵੇਗੀ ਤਾਂ ਉਨ੍ਹਾਂ ਦੀ ਯਾਤਰਾ ਸਫ਼ਲ ਨਹੀਂ ਹੋਵੇਗੀ। ਇਸ ਦੇ ਹੱਲ ਵਜੋਂ ਜਥੇਦਾਰ ਨੇ ਸੰਗਤ ਨੂੰ ਸਲਾਹ ਦਿੱਤੀ ਹੈ ਕਿ ਗੁਰੂ ਘਰ ਵਿਚ ਉਹੀ ਚੀਜ਼ਾਂ ਚੜ੍ਹਾਈਆਂ ਜਾਣ ਜੋ ਗੁਰੂ ਘਰ ਦੀ ਸੰਗਤ ਵਾਸਤੇ ਵਰਤੀਆਂ ਜਾ ਸਕਣ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੰਗਤ ਨੂੰ ਰੁਮਾਲਿਆਂ ਪ੍ਰਤੀ ਸੁਚੇਤ ਕਰੇ ਕਿ ਕਿਹੜੀਆਂ ਵਸਤੂਆਂ ਗੁਰੂ ਘਰ ਵਿਚ ਸੇਵਾ ਲਈ ਭੇਟ ਕੀਤੀਆਂ ਜਾਣ ਤਾਂ ਜੋ ਸੰਗਤ ਦੀ ਮਾਇਆ ਨਾਲ ਭੇਟ ਕੋਈ ਵੀ ਵਸਤੂ ਗੁਰੂ ਘਰ ਵਿਚ ਪ੍ਰਵਾਨ ਚੜ੍ਹ ਜਾਵੇ। ਉਨ੍ਹਾਂ ਕਿਹਾ ਕਿ ਸੰਗਤ ਨੂੰ ਗ਼ੈਰ-ਜ਼ਰੂਰੀ ਤੇ ਗ਼ੈਰ-ਮਿਆਰੀ ਚੀਜ਼ਾਂ ਗੁਰੂ ਘਰ ਚੜ੍ਹਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *