ਜਲੰਧਰ-ਅੰਮ੍ਰਿਤਸਰ ਮਾਰਗ ‘ਤੇ ਸਥਿਤ ਪਿੰਡ ਲਿੱਧੜਾਂ ਨੇੜੇ ਸੜਕ ਹਾਦਸੇ ‘ਚ ਆਮ ਆਦਮੀ ਪਾਰਟੀ ਦੇ ਡਾਕਟਰ ਵਿੰਗ ਦੇ ਜਨਰਲ ਸਕੱਤਰ ਡਾ. ਮੁਹਿੰਦਰਜੀਤ ਸਿੰਘ ਮਰਵਾਹਾ ਪੁੱਤਰ ਜੁਗਿੰਦਰ ਸਿੰਘ ਵਾਸੀ ਅਰਬਲ ਅਸਟੇਟ ਫੇਜ਼ 1, ਜਲੰਧਰ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਮਕਸੂਦਾ ਦੇ ਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਰਤਾਰਪੁਰ ‘ਚ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਟੀਨੂੰ ਦੀ ਰੈਲੀ ਹੋਣ ਕਰਕੇ ਡਾ. ਮੁਹਿੰਦਰਜੀਤ ਸਿੰਘ ਮਰਵਾਹਾ ਆਪਣੀ ਕਾਰ ‘ਚ ਚੋਣ ਪ੍ਰਚਾਰ ਲਈ ਉੱਥੇ ਜਾ ਰਹੇ ਸਨ। ਰਸਤੇ ‘ਚ ਸੜਕ ‘ਤੇ ਖੜ੍ਹੇ ਟਿਪਰ ‘ਚ ਕਾਰ ਜਾ ਵੱਜੀ। ਹਾਦਸੇ ‘ਚ ਕਾਰ ਦੇ ਪਰਖੱਚੇ ਉੱਡ ਗਏ। ਮੌਕੇ ‘ਤੇ ਹਲਕਾ ਕਰਤਾਰਪੁਰ ‘ਚ ਇਕੱਤਰ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਉਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਮੌਕੇ ‘ਤੇ ਟਿੱਪਰ ਚਾਲਕ ਟਿੱਪਰ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਟਿੱਪਰ ਨੂੰ ਕਬਜ਼ੇ ‘ਚ ਵਿੱਚ ਲੈ ਕੇ ਫਰਾਰ ਟਿੱਪਰ ਚਾਲਕ ਇਕਬਾਲ ਸਿੰਘ ਵਾਸੀ ਅੰਮ੍ਰਿਤਸਰ ਖਿਲਾਫ਼ ਮੁਕਦਮਾ ਦਰਜ ਕਰ ਕੇ ਉਸਦੀ ਭਾਲ ਆਰੰਭ ਕਰ ਦਿੱਤੀ ਹੈ।