ਉੱਤਰਾਖੰਡ ਦੇ ਕੇਦਾਰਨਾਥ ਧਾਮ ਵਿੱਚ ਹੈਲੀਕਾਪਟਰ ਪਾਇਲਟ ਦੀ ਸੂਝਬੂਝ ਨਾਲ ਵੱਡਾ ਹਾਦਸਾ ਟਲ ਗਿਆ। ਕੇਦਾਰਨਾਥ ਵਿੱਚ ਹੈਲੀਕਾਪਟਰ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਹੈਲੀਕਾਪਟਰ ਵਿੱਚ 6 ਯਾਤਰੀ ਸਵਾਰ ਸਨ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਰੁਦ੍ਰਪ੍ਰਯਾਗ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਸਿਰਸੀ ਹੈਲੀਪੈਡ ਤੋਂ 5 ਯਾਤਰੀਆਂ ਨੂੰ ਲੈ ਕੇ ਕੇਦਾਰਨਾਥ ਧਾਮ ਜਾ ਰਿਹਾ ਸੀ। ਇਸੇ ਦੌਰਾਨ ਅਚਾਨਕ ਕੇਂਸਟ੍ਰੇਲ ਐਵੀਏਸ਼ਨ ਕੰਪਨੀ ਦੇ ਇੱਕ ਹੈਲੀਕਾਪਟਰ ਵਿੱਚ ਤਕਨੀਕੀ ਪਰੇਸ਼ਾਨੀ ਸਾਹਮਣੇ ਆਈ। ਇਸ ਤੋਂ ਬਾਅਦ 7:05 ਵਜੇ ਹੈਲੀਕਾਪਟਰ ਨੂੰ ਕੇਦਾਰਨਾਥ ਧਾਮ ਦੇ ਹੈਲੀਪੈਡ ਤੋਂ ਲਗਭਗ 100 ਮੀਟਰ ਪਹਿਲਾਂ ਐਮਰਜੈਂਸੀ ਲੈਂਡਿੰਗ ਕਰਨੀ ਪਈ। ਲੈਂਡਿੰਗ ਦੇ ਸਮੇਂ ਹੈਲੀਕਾਪਟਰ ਨੂੰ ਸਿੱਧਾ ਜ਼ਮੀਨ ‘ਤੇ ਉਤਾਰਿਆ ਗਿਆ। ਇਸ ਦੌਰਾਨ ਹੈਲੀਕਾਪਟਰ ਦੇ ਪਿੱਛੇ ਦਾ ਹਿੱਸਾ ਨੁਕਸਾਨਿਆ ਗਿਆ, ਪਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਘਟਨਾ ਦੀ ਸੂਚਨਾ DJCA ਨੂੰ ਮਿਲਣ ਦੇ ਬਾਅਦ ਟੀਮ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਹੈਲੀਕਾਪਟਰ ਦੇ ਪਾਇਲਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੈਲੀਕਾਪਟਰ ਵਿੱਚ ਬੈਠੇ ਸਾਰੇ ਯਾਤਰੀ ਸੁਰੱਖਿਅਤ ਹਨ। ਉੱਥੇ ਹੀ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਦੇ ਬਾਅਦ ਯਾਤਰੀਆਂ ਨੇ ਰਾਹਤ ਦੇ ਸਾਹ ਲਏ। ਦੱਸ ਦੇਈਏ ਕਿ ਉੱਤਰਾਖੰਡ ਵਿੱਚ ਚਾਰ ਧਾਮ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। 10 ਮਈ ਤੋਂ ਸ਼ੁਰੂ ਹੋਈ ਚਾਰ ਧਾਮ ਯਾਤਰਾ ਤੋਂ ਪਹਿਲਾਂ 10 ਦਿਨਾਂ ਵਿੱਚ 3 ਲੱਖ 19 ਹਜ਼ਾਰ ਸ਼ਰਧਾਲੂ ਪਹੁੰਚੇ ਹਨ। ਉੱਤਰਾਖੰਡ ਦੀ ਮੁੱਖ ਸਕੱਤਰ ਰਾਧਾ ਰਤੂੜੀ ਨੇ ਇੱਕ ਬੈਠਕ ਦੌਰਾਨ ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੂੰ ਚਾਰ ਧਾਮ ਯਾਤਰਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਯਾਤਰੀਆਂ ਦੀ ਗਿਣਤੀ ਵਿੱਚ ਯਮੁਨੋਤਰੀ ਵਿੱਚ 127%, ਕੇਦਾਰਨਾਥ ਵਿੱਚ 156% ਦਾ ਵਾਧਾ ਦੇਖਿਆ ਗਿਆ ਹੈ।