ਸਾਬਕਾ ਭਾਰਤੀ ਕ੍ਰਿਕਟਰ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਅੱਜ ਜਲੰਧਰ ਜ਼ਿਲ੍ਹੇ ਵਿੱਚ ਆਪਣੀ ਵੋਟ ਪਾਈ ਹੈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਅੱਜ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਦਿਨ ਹੈ ਅਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਉਹ ਬਾਹਰ ਨਿਕਲ ਕੇ ਵੋਟ ਪਾਉਣ। ਅਜਿਹੀ ਸਰਕਾਰ ਚੁਣੋ ਜੋ ਤੁਹਾਡੇ ਲਈ ਕੰਮ ਕਰੇ। ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 6 ਵਜੇ ਤਕ ਜਾਰੀ ਰਹੇਗੀ। ਇਸ ਵਾਰ ਚੋਣਾਂ ਵਿਚ 2 ਕਰੋੜ 14 ਲੱਖ 61 ਹਜ਼ਾਰ 739 ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚ 1 ਕਰੋੜ 12 ਲੱਖ 86 ਹਜ਼ਾਰ 726 ਪੁਰਸ਼ ਵੋਟਰ, 1 ਕਰੋੜ 1 ਲੱਖ 74 ਹਜ਼ਾਰ 240 ਮਹਿਲਾ ਵੋਟਰ ਅਤੇ 773 ਹੋਰ ਵੋਟਰ ਹਨ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੇ ਸਤਵੇਂ ਅਤੇ ਆਖ਼ਰੀ ਪੜਾਅ ਲਈ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੁਲ 904 ਉਮੀਦਵਾਰ ਚੋਣ ਮੈਦਾਨ ’ਚ ਹਨ। ਸੱਤ ਸੂਬਿਆਂ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਪਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਕੁਲ 57 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ।ਓਡੀਸ਼ਾ ਦੀਆਂ ਬਾਕੀ 42 ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ ਹੋਵੇਗੀ।