ਹੁਸ਼ਿਆਰਪੁਰ ਦੇ ਥਾਣਾ ਗੜ੍ਹਦੀਵਾਲਾ ‘ਚ ਬੁੱਧਵਾਰ ਨੂੰ ਹੋਏ 18 ਸਾਲਾ ਗੁਰਲੀਨ ਕੌਰ ਦੇ ਕਤਲ ਦੇ ਮਾਮਲੇ ‘ਚ ਪੁਲਿਸ ਨੇ ਦੋਸ਼ੀ ਪਲਵਿੰਦਰ ਸਿੰਘ ਪੁੱਤਰ ਓਮਕਾਰ ਸਿੰਘ ਦੇ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਹੈ। ਉਪਰੋਕਤ ਮਾਮਲਾ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਅਤੇ ਪਤਨੀ ਮਨਜੀਤ ਸਿੰਘ ਵਾਸੀ ਮਾਨਗੜ੍ਹ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਮ੍ਰਿਤਕ ਲੜਕੀ ਦੀ ਮਾਤਾ ਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਗੁਰਲੀਨ ਕੌਰ ਗੜ੍ਹਦੀਵਾਲਾ ਵਿਖੇ ਕੰਪਿਊਟਰ ਸਿੱਖਣ ਜਾਂਦੀ ਸੀ। ਉਹ ਹਰ ਰੋਜ਼ ਪਿੰਡ ਦੇ ਮਾਨਗੜ੍ਹ ਟੋਲ ਪਲਾਜ਼ਾ ‘ਤੇ ਉਸ ਨੂੰ ਛੱਡਣ ਅਤੇ ਘਰ ਲਿਜਾਣ ਲਈ ਆਉਂਦੀ ਸੀ। ਹਰ ਰੋਜ਼ ਦੀ ਤਰ੍ਹਾਂ ਮੈਂ ਬੁੱਧਵਾਰ ਨੂੰ ਵੀ ਗੁਰਲੀਨ ਨੂੰ ਲੈਣ ਲਈ ਮਾਨਗੜ੍ਹ ਟੋਲ ‘ਤੇ ਖੜ੍ਹੀ ਸੀ। ਸਮੇਂ ਅਨੁਸਾਰ ਜਿਵੇਂ ਹੀ ਗੁਰਲੀਨ ਬੱਸ ਤੋਂ ਉਤਰ ਕੇ ਉਸ ਵੱਲ ਆਉਣ ਲੱਗੀ ਤਾਂ ਉਸ ਦੇ ਪਿੱਛੇ ਆ ਰਿਹਾ ਮੋਟਰਸਾਈਕਲ ਸਵਾਰ ਪਲਵਿੰਦਰ ਸਿੰਘ ਉਸ ਦੇ ਨੇੜੇ ਆ ਕੇ ਰੁਕ ਗਿਆ। ਮੁਲਜ਼ਮ ਪਲਵਿੰਦਰ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਸੀ। ਉਸ ਨੇ ਗੁਰਲੀਨ ਕੌਰ ਨੂੰ ਗਲੇ ਤੋਂ ਫੜ੍ਹ ਕੇ ਸੜਕ ਦੇ ਕੋਲ ਝਾੜੀਆਂ ਵਿੱਚ ਸੁੱਟ ਦਿੱਤਾ। ਬੱਚੀ ਦੀ ਮਾਂ ਨੇ ਦੱਸਿਆ ਕਿ ਇਹ ਦੇਖ ਕੇ ਉਸ ਨੇ ਰੌਲਾ ਪਾਇਆ। ਦੇਖਦੇ ਹੀ ਦੇਖਦੇ ਪਲਵਿੰਦਰ ਸਿੰਘ ਨੇ ਮੇਰੀ ਲੜਕੀ ਦੀ ਗਰਦਨ, ਪੇਟ ਅਤੇ ਛਾਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿਤਾ। ਜਦੋਂ ਮੈਂ ਅਤੇ ਮੇਰੀ ਲੜਕੀ ਨੇ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਅਤੇ ਰਾਹਗੀਰ ਇਕੱਠੇ ਹੋ ਗਏ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਮੁਲਜ਼ਮ ਹਥਿਆਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਗਰਦਨ ਅਤੇ ਹੋਰ ਸਰੀਰ ‘ਤੇ ਡੂੰਘੇ ਜ਼ਖਮਾਂ ਦਾ ਦਰਦ ਨਾ ਸਹਾਰਦਿਆਂ ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਪਿੰਡ ਦੇ ਮੁਖੀ ਅਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਜਾਣਕਾਰੀ ਅਨੁਸਾਰ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਪੇਟ ਵਿੱਚ ਵਾਰ ਕਰਕੇ ਖ਼ੁਦ ਨੂੰ ਵੀ ਜ਼ਖ਼ਮੀ ਕਰ ਲਿਆ। ਜੋ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਡਾਕਟਰਾਂ ਅਨੁਸਾਰ ਮੁਲਜ਼ਮ ਪਲਵਿੰਦਰ ਸਿੰਘ ਦੇ ਢਿੱਡ ’ਤੇ ਜ਼ਖ਼ਮ ਹਨ। ਜਿਸ ਵਿੱਚੋਂ ਇਕ ਡੂੰਘਾ ਜ਼ਖ਼ਮ ਹੈ ਅਤੇ ਆਪ੍ਰੇਸ਼ਨ ਕੀਤਾ ਜਾਵੇਗਾ। ਮੁਲਜ਼ਮ ਨੌਜਵਾਨ ਦੀ ਹਾਲਤ ਸਥਿਰ ਹੈ। ਮੁਲਜ਼ਮ ਹਸਪਤਾਲ ਵਿੱਚ ਭੱਜ ਨਾ ਜਾਵੇ ਇਸ ਲਈ ਦੋ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਤਿੰਨ ਪਹਿਲਾਂ ਆਪਣੇ ਪ੍ਰਵਾਰ ਨਾਲ ਉਸ ਦੇ ਘਰ ਧੀ ਲਈ ਰਿਸ਼ਤਾ ਲੈ ਕੇ ਆਇਆ ਸੀ ਪਰ ਉਨ੍ਹਾਂ ਨੇ ਵਿਆਹ ਤੋਂ ਇਨਕਾਰ ਕਰ ਦਿਤਾ। ਇਸੇ ਰੰਜ਼ਿਸ਼ ਕਾਰਨ ਮੁਲਜ਼ਮ ਨੇ ਉਸ ਦੀ ਧੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ।