ਗੁਰਮੀਤ ਸਿੰਘ ਮੀਤ ਹੇਅਰ ਨੇ ਆਮ ਆਦਮੀ ਪਾਰਟੀ ਦਾ ਸਿਆਸੀ ਕਿਲ੍ਹਾ ਬਚਾਉਂਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਲੱਖਾਂ ਵੋਟ ਦੀ ਲੀਡ ਲੈ ਆਪਣੇ ਵਿਰੋਧੀ ਉਮੀਦਵਾਰਾਂ ਨਾਲੋਂ ਅੱਗੇ ਚੱਲ ਰਹੇ ਹਨ। ਆਪ ਦੇ ਵਰਕਰ ਮੀਤ ਹੇਅਰ ਨੂੰ ਵਧਾਈਆਂ ਦੀਆਂ ਪੋਸਟਾਂ ਪਾ ਰਹੇ ਹਨ। ਉੱਥੇ ਹੀ ਉਹਨਾਂ ਦੇ ਬਰਨਾਲਾ ਰਿਹਾਇਸ਼ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ‘ਆਪ’ ਉਮੀਦਵਾਰ ਮੀਤ ਹੇਅਰ ਨੂੰ 255156, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ 130210, ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 126182, ਭਾਜਪਾ ਦੇ ਅਰਵਿੰਦ ਖੰਨਾ ਨੂੰ 157997 ਅਤੇ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੂੰਦਾਂ ਨੂੰ 212212 ਵੋਟਾਂ ਮਿਲੀਆਂ ਹਨ। ਜ਼ਿਲ੍ਹਾ ਬਰਨਾਲਾ ਦੀਆਂ ਤਿੰਨ ਵਿਧਾਨ ਸਭਾਵਾਂ ਦੀ ਗਿਣਤੀ – ਬਰਨਾਲਾ ਵਿਧਾਨ ਸਭਾ ਹਲਕਾ ਭਦੌੜ, ਵਿਧਾਨ ਸਭਾ ਹਲਕਾ ਮਹਿਲ ਕਲਾਂ ਬਰਨਾਲਾ ਦੇ ਐਸਡੀ ਕਾਲਜ ਵਿੱਚ ਪੁਲੀਸ ਪ੍ਰਸ਼ਾਸਨ ਵੱਲੋਂ ਕਰੜੇ ਪ੍ਰਬੰਧ ਕੀਤੇ ਗਏ ਹਨ, ਥ੍ਰੀ ਲੇਅਰ ਫੋਰਸ ਤਾਇਨਾਤ ਕੀਤੀ ਗਈ ਹੈ। ਸੰਗਰੂਰ ਅਤੇ ਬਰਨਾਲਾ ਵਿੱਚ ਵੋਟਾਂ ਦੀ ਗਿਣਤੀ ਲਈ 14-14 ਟੇਬਲ ਲਗਾਏ ਗਏ ਹਨ। ਕੁੱਲ 17 ਗੇੜਾਂ ਦੀ ਗਿਣਤੀ ਹੋਵੇਗੀ। ਹਰੇਕ ਗਿਣਤੀ ਕੇਂਦਰ ਵਿੱਚ ਇੱਕ ਸੁਪਰਵਾਈਜ਼ਰ, ਮਾਈਕ ਆਬਜ਼ਰਵਰ ਅਤੇ ਸਹਾਇਕ ਸਟਾਫ਼ ਹੋਵੇਗਾ। ਗਿਣਤੀ ਵਾਲੇ ਖੇਤਰ ਵਿੱਚ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਹੈ। ਇੱਥੇ ਕੋਈ ਵੀ ਮੋਬਾਈਲ ਨਹੀਂ ਲਿਆ ਸਕਦਾ, ਇੱਥੋਂ ਤੱਕ ਕਿ ਗਿਣਤੀ ਅਮਲੇ ਕੋਲ ਵੀ ਮੋਬਾਈਲ ਨਹੀਂ ਹੋਣਗੇ। ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਵੇਗੀ। ਇਸ ਤੋਂ ਇਲਾਵਾ ਕਾਊਂਟਿੰਗ ਹਾਲ ਨੂੰ ਤਾਰਾਂ ਦੀ ਜਾਲੀ ਨਾਲ ਢੱਕਿਆ ਗਿਆ ਹੈ। ਚੋਣ ਕਮਿਸ਼ਨ ਦੇ ਕਾਰਡ ਤੋਂ ਬਿਨਾਂ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਸੰਗਰੂਰ ਅਤੇ ਬਰਨਾਲਾ ਵਿੱਚ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ਦੇਸ਼ ਭਗਤ ਕਾਲਜ ਬੜਦਵਾਲ, ਸੰਗਰੂਰ, ਧੂਰੀ ਅਤੇ ਐਸਡੀ ਕਾਲਜ ਬਰਨਾਲਾ ਦੇ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਰਾਹੀਂ ਗਿਣਤੀ ਕੇਂਦਰਾਂ ਅਤੇ ਈ.ਵੀ.ਐਮਜ਼ ਦੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਵੀ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਈਵੀਐਮ ਨੂੰ ਸਖ਼ਤ ਟ੍ਰਿਪਲ ਲੇਅਰ ਸੁਰੱਖਿਆ ਹੇਠ ਰੱਖਿਆ ਗਿਆ ਹੈ, ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੋਵਾਂ ਗਿਣਤੀ ਕੇਂਦਰਾਂ ‘ਤੇ ਆਉਣ ਵਾਲੇ ਲੋਕਾਂ ਨੂੰ ਪਛਾਣ ਪੱਤਰ ਅਤੇ ਪਾਸ ਜਾਰੀ ਕੀਤੇ ਹਨ। ਮੀਡੀਆ ਨੂੰ ਵੀ ਪਛਾਣ ਪੱਤਰ ਜਾਂ ਪਾਸ ਤੋਂ ਬਿਨਾਂ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ।