ਫਰੀਦਕੋਟ ਸ਼ਹਿਰ ਦੇ ਵਿਚੋਂ ਵਿਚ ਬਣੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਬੀਤੀ ਸ਼ਾਮ ਦੋ ਬਾਈਕ ਸਵਾਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਲੁਟੇਰਿਆਂ ਨੇ ਮੂੰਹ ਪਟਕੇ ਨਾਲ ਬੰਨੇ ਹੋਏ ਸਨ। ਉਹ ਪੈਟਰੋਲ ਪੰਪ ਤੇ ਤੇਲ ਭਰਵਾਉਣ ਦੇ ਬਹਾਨੇ ਆਏ ਅਤੇ ਕਰੀਬ 18 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਸੀਸੀਟੀਵੀ ਖੰਗਾਲ ਜਾ ਰਹੇ ਹਨ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ। ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਕਰਿੰਦੇ ਸੋਨੂ ਨੇ ਦੱਸਿਆ ਕੇ ਦੋ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਆਏ ਜਿਨ੍ਹਾਂ ਚੋ ਇੱਕ ਨੇ ਮੂੰਹ ਤੇ ਪੀਲਾ ਪਟਕਾ ਬੰਨਿਆ ਹੋਇਆ ਸੀ ਅਤੇ ਇੱਕ ਨੇ ਸਿਰ ਤੇ ਸਾਫਾ ਲਿਆ ਹੋਇਆ ਸੀ। ਉਨ੍ਹਾਂ ਨੇ 550/- ਦਾ ਪੈਟਰੋਲ ਪਵਾਇਆ ਅਤੇ ਜਦੋਂ ਉਸਨੇ ਪੈਸੇ ਨਕਦ ਯਾ ਆਨਲਾਈਨ ਪੇਮੈਂਟ ਕਰਨ ਦਾ ਪੁੱਛਿਆ ਤਾਂ ਇੱਕ ਦਮ ਪਿੱਛੇ ਬੈਠੇ ਲੜਕੇ ਨੇ ਉਸਦੇ ਹੱਥ ਚ ਫੜੀ ਨਕਦੀ ਝਪੱਟਾ ਮਾਰ ਕੇ ਖੋਹ ਲਈ ਅਤੇ ਉਸਨੂੰ ਧੱਕਾ ਮਾਰਕੇ ਬਾਇਕ ਭਜਾ ਕੇ ਲੈ ਗਏ। ਉਸਦੇ ਨਾਲ ਦੇ ਸਾਥੀ ਵੱਲੋਂ ਇਕ ਮਹਿਲਾ ਜੋ ਤੇਲ ਪਵਾਉਣ ਆਈ ਸੀ ਉਸਦੀ ਸਕੂਟੀ ਲੈਕੇ ਪਿਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗੇ ਜਾ ਕੇ ਉਹ ਪਤਾ ਨਹੀਂ ਕਿੱਥੇ ਫਰਾਰ ਹੋ ਗਏ। ਉਧਰ ਪੇਟ੍ਰੋਲ ਪੰਪ ਮਾਲਕ ਨਵੀਂਨ ਰਾਬੜਾ ਨੇ ਕਿਹਾ ਕਿ ਸ਼ਹਿਰ ਦੇ ਵਿਚਕਾਰ ਉਨ੍ਹਾਂ ਦਾ ਪੈਟਰੋਲ ਪੰਪ ਹੈ ਪਰ ਫਿਰ ਵੀ ਲਗਾਤਾਰ ਉਨ੍ਹਾਂ ਦੇ ਪੇਟ੍ਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦੇ ਦਰਾਜ਼ ‘ਚੋ ਨਕਦੀ ਕੱਢ ਇੱਕ ਵਿਯਕਤੀ ਲੈ ਗਿਆ ਸੀ ਜੋ ਹਲੇ ਤੱਕ ਟਰੇਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਅੱਜ ਵੀ ਪੁਲਿਸ ਵੱਲੋਂ ਸੀਸੀਟੀਵੀ ਦੇਖ ਘਟਨਾ ਦੀ ਜਾਂਚ ਦਾ ਭਰੋਸਾ ਦਿੱਤਾ ਹੈ ਪਰ ਸ਼ਰੇਆਮ ਲੁਟੇਰਿਆਂ ਦੇ ਹੌਸਲੇ ਜਿਸ ਤਰੀਕੇ ਨਾਲ ਵਧੇ ਹਨ ਉਸਤੋਂ ਡਰ ਲੱਗਣ ਲੱਗ ਗਿਆ ਹੈ।