ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨਡੀਏ) ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਸ਼ੁੱਕਰਵਾਰ ਨੂੰ ਬੈਠਕ ਹੋ ਸਕਦੀ ਹੈ, ਜਿਸ ‘ਚ ਨਰਿੰਦਰ ਮੋਦੀ ਨੂੰ ਨੇਤਾ ਚੁਣਿਆ ਜਾ ਸਕਦਾ ਹੈ। ਸੂਤਰਾਂ ਨੇ ਦਸਿਆ ਕਿ ਮੋਦੀ ਦੇ ਐਨਡੀਏ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੋਂ ਤੁਰੰਤ ਬਾਅਦ ਟੀਡੀਪੀ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਅਤੇ ਜਨਤਾ ਦਲ -ਯੂਨਾਈਟਿਡ ਦੇ ਮੁਖੀ ਨਿਤੀਸ਼ ਕੁਮਾਰ ਵਰਗੇ ਗੱਠਜੋੜ ਦੇ ਸੀਨੀਅਰ ਮੈਂਬਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਦੀ ਸੂਚੀ ਸੌਂਪਣਗੇ। ਉਨ੍ਹਾਂ ਕਿਹਾ ਕਿ ਮੋਦੀ ਹਫਤੇ ਦੇ ਅੰਤ ਵਿਚ, ਸੰਭਵ ਤੌਰ ‘ਤੇ ਐਤਵਾਰ ਨੂੰ ਸਹੁੰ ਚੁੱਕ ਸਕਦੇ ਹਨ। ਐਨਡੀਏ ਕੋਲ 293 ਸੰਸਦ ਮੈਂਬਰ ਹਨ, ਜੋ 543 ਮੈਂਬਰੀ ਲੋਕ ਸਭਾ ਵਿਚ ਬਹੁਮਤ ਦੇ ਅੰਕੜੇ 272 ਤੋਂ ਬਹੁਤ ਜ਼ਿਆਦਾ ਹਨ। ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਵੀਰਵਾਰ ਨੂੰ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ‘ਤੇ ਵਿਚਾਰ ਵਟਾਂਦਰੇ ਲਈ ਇਕ ਦਿਨ ਦੀ ਬੈਠਕ ਕੀਤੀ। ਇਹ ਬੈਠਕ ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਰਿਹਾਇਸ਼ ‘ਤੇ ਹੋਈ। ਪਾਰਟੀ ਨੇਤਾਵਾਂ ਮੁਤਾਬਕ ਬੈਠਕ ‘ਚ ਭਵਿੱਖ ਦੇ ਮੰਤਰੀ ਮੰਡਲ ਦੇ ਗਠਨ ਦੇ ਮੁੱਦੇ ‘ਤੇ ਚਰਚਾ ਹੋਈ, ਜਿਸ ‘ਚ ਐਨਡੀਏ ਦੇ ਸਹਿਯੋਗੀ ਵੀ ਸ਼ਾਮਲ ਸਨ। ਗੱਠਜੋੜ ਸਰਕਾਰ ਦੇ ਮੁਖੀ ਵਜੋਂ ਤੀਜੀ ਵਾਰ ਸਹੁੰ ਚੁੱਕਣ ਜਾ ਰਹੇ ਮੋਦੀ ਨੇ ਬੁੱਧਵਾਰ ਨੂੰ ਸੱਤਾਧਾਰੀ ਗੱਠਜੋੜ ਦੇ ਮੈਂਬਰਾਂ ਦੀ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਸਰਬਸੰਮਤੀ ਨਾਲ ਉਨ੍ਹਾਂ ਨੂੰ ਨੇਤਾ ਚੁਣਿਆ ਗਿਆ। ਭਾਜਪਾ ਦੀ ਸਹਿਯੋਗੀ ਜਨਤਾ ਦਲ (ਯੂਨਾਈਟਿਡ) ਦੇ ਨੇਤਾਵਾਂ ਨੇ ਵੀ ਪਾਰਟੀ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਸਰਕਾਰ ਦੇ ਗਠਨ ਅਤੇ ਇਸ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰੇ ਕੀਤੇ। ਹਾਲਾਂਕਿ ਜੇਡੀ (ਯੂ) ਨੇ ਅਧਿਕਾਰਤ ਤੌਰ ‘ਤੇ ਇਸ ਮੁੱਦੇ ‘ਤੇ ਕੁੱਝ ਨਹੀਂ ਕਿਹਾ ਹੈ, ਪਰ ਸੂਤਰਾਂ ਨੇ ਕਿਹਾ ਕਿ ਉਹ ਬਿਹਾਰ ਵਿਚ ਅਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕੁੱਝ ਪ੍ਰਮੁੱਖ ਮੰਤਰੀ ਅਹੁਦੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਕੁੱਝ ਸਾਲਾਂ ‘ਚ ਸੂਬੇ ‘ਚ ਇਸ ਦੀ ਸਿਆਸੀ ਤਾਕਤ ਕਮਜ਼ੋਰ ਹੋਈ ਹੈ। ਇਹ ਰਾਸ਼ਟਰੀ ਜਨਤਾ ਦਲ ਅਤੇ ਭਾਜਪਾ ਤੋਂ ਬਾਅਦ ਰਾਜ ਵਿਧਾਨ ਸਭਾ ਵਿਚ ਤੀਜੇ ਸਥਾਨ ‘ਤੇ ਹੈ। ਭਾਜਪਾ ਨੇਤਾ ਮੰਤਰੀ ਅਹੁਦੇ ਅਤੇ ਹੋਰ ਮੁੱਦਿਆਂ ‘ਤੇ ਸਹਿਯੋਗੀਆਂ ਦੇ ਸੰਪਰਕ ਵਿਚ ਹਨ। ਨਾਇਡੂ ਚਾਹੁੰਦੇ ਸਨ ਕਿ ਕੇਂਦਰ ਅਮਰਾਵਤੀ ਵਿਖੇ ਰਾਜਧਾਨੀ ਬਣਾਉਣ ਲਈ ਆਂਧਰਾ ਪ੍ਰਦੇਸ਼ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇ। ਸੂਤਰਾਂ ਨੇ ਕਿਹਾ ਕਿ ਉਹ ਇਹ ਵੀ ਚਾਹੁੰਦੇ ਹਨ ਕਿ ਨਵੀਂ ਸਰਕਾਰ ਵੱਖਰੇ ਤੇਲੰਗਾਨਾ ਰਾਜ ਤੋਂ ਬਾਅਦ ਆਂਧਰਾ ਪ੍ਰਦੇਸ਼ ਲਈ ਕੀਤੇ ਵਾਅਦਿਆਂ ਨੂੰ ਪੂਰਾ ਕਰੇ। ਇਸ ਵਾਰ ਜਨਤਾ ਦਲ (ਯੂ) ਨੇ ਲੋਕ ਸਭਾ ਚੋਣਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਨੇ 12 ਸੀਟਾਂ ਜਿੱਤੀਆਂ ਹਨ। ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੀਆਂ 16 ਸੀਟਾਂ ਤੋਂ ਬਾਅਦ ਜੇਡੀ (ਯੂ) ਦੂਜੀ ਸੱਭ ਤੋਂ ਵੱਡੀ ਸਹਿਯੋਗੀ ਹੈ। ਭਾਜਪਾ ਨੂੰ ਨਵੀਂ ਸਰਕਾਰ ਦੇ ਬਚਾਅ ਲਈ ਇਨ੍ਹਾਂ ਦੋਵਾਂ ਪਾਰਟੀਆਂ ‘ਤੇ ਨਿਰਭਰ ਰਹਿਣਾ ਪਵੇਗਾ।