ਭਾਜਪਾ ਨੂੰ ਰਵਨੀਤ ਸਿੰਘ ਬਿੱਟੂ ’ਚ ਦਿਸਿਆ ਭਵਿੱਖ ਦਾ ਲੀਡਰ! ਹਾਰਨ ’ਤੇ ਵੀ ਦਿਤਾ ਮੰਤਰੀ ਦਾ ਅਹੁਦਾ

ਕਾਂਗਰਸ ਛੱਡ ਕੇ ਆਏ ਰਵਨੀਤ ਸਿੰਘ ਬਿੱਟੂ ਹੁਣ ਮੋਦੀ ਦੀ ਕੈਬਨਿਟ ਦਾ ਹਿੱਸਾ ਹਨ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੱਭ ਤੋਂ ਪੁਰਾਣੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਇਕਲੌਤੇ ਨੇਤਾ ਹਨ, ਜਿਨ੍ਹਾਂ ਨੇ ਪੰਜਾਬ ਦੇ ਲੁਧਿਆਣਾ ਤੋਂ ਚੋਣ ਹਾਰਨ ਦੇ ਬਾਵਜੂਦ ਕੈਬਨਿਟ ’ਚ ਜਗ੍ਹਾ ਬਣਾਈ ਹੈ। ਬਿੱਟੂ ਨੇ ਐਤਵਾਰ ਨੂੰ ਇੱਥੇ ਰਾਸ਼ਟਰਪਤੀ ਭਵਨ ’ਚ ਰਾਜ ਮੰਤਰੀ ਵਜੋਂ ਸਹੁੰ ਚੁਕੀ। ਪੰਜਾਬ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਇਕ ਵੀ ਲੋਕ ਸਭਾ ਸੀਟ ਨਹੀਂ ਜਿੱਤ ਸਕੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਨੀਤ ਸਿੰਘ ਬਿੱਟੂ ਨੂੰ ਅਪਣੀ ਕੈਬਨਿਟ ’ਚ ਸ਼ਾਮਲ ਕਰ ਕੇ ਸਿੱਖਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਬਿੱਟੂ ਲੋਕ ਸਭਾ ਚੋਣਾਂ ’ਚ ਲੁਧਿਆਣਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਗਏ ਸਨ। ਭਾਜਪਾ ਨੇ ਇਸ ਲੋਕ ਸਭਾ ਚੋਣਾਂ ’ਚ ਭਾਵੇਂ ਇਕ ਵੀ ਸੀਟ ਨਾ ਜਿੱਤੀ ਹੋਵੇ ਪਰ ਉਸ ਦਾ ਟੀਚਾ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਇਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਤੁਰਤ ਬਾਅਦ ਪਾਰਟੀ ਵਲੋਂ ਇਕ ਤਰ੍ਹਾਂ ਨਾਲ ਸ਼ੁਰੂ ਕੀਤਾ ਗਿਆ ਸੀ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਲਗਭਗ ਢਾਈ ਸਾਲ ਬਾਕੀ ਹਨ। ਰਵਨੀਤ ਬਿੱਟੂ ਅਜੇ ਜਵਾਨ ਹਨ। ਉਹ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਲੋਕ ਸਭਾ ਸੀਟਾਂ ਤੋਂ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹੇ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ। ਭਾਜਪਾ ਲੀਡਰਸ਼ਿਪ ਨੂੰ ਲਗਦਾ ਹੈ ਕਿ ਜੇਕਰ ਉਹ ਪਾਰਟੀ ਦੀ ਨੈਤਿਕਤਾ ਦੀ ਪਾਲਣਾ ਕਰਦੇ ਹਨ ਤਾਂ ਉਹ ਆਉਣ ਵਾਲੇ ਕਈ ਸਾਲਾਂ ਤਕ ਪੰਜਾਬ ਵਿਚ ਪਾਰਟੀ ਲਈ ਕੰਮ ਕਰ ਸਕਦੇ ਹਨ। ਬਿੱਟੂ ਦੇ ਦਾਦਾ ਬੇਅੰਤ ਸਿੰਘ, ਜਿਨ੍ਹਾਂ ਨੂੰ ਪੰਜਾਬ ’ਚੋਂ ਅਤਿਵਾਦ ਨੂੰ ਖਤਮ ਕਰਨ ਦਾ ਸਿਹਰਾ ਦਿਤਾ ਜਾਂਦਾ ਹੈ, ਨੂੰ ਪੰਜਾਬ ਦੇ ਕੁਲ 38.5% ਹਿੰਦੂਆਂ ਨੇ ਪਸੰਦ ਕੀਤਾ ਹੈ। ਰਵਨੀਤ ਬਿੱਟੂ ਨੂੰ ਮੰਤਰੀ ਬਣਾਉਣ ਦਾ ਫਾਇਦਾ ਭਾਜਪਾ ਨੂੰ ਪੰਜਾਬ ਦੀਆਂ ਨਗਰ ਨਿਗਮ, ਪੰਚਾਇਤ ਅਤੇ ਪੰਜ ਵਿਧਾਨ ਸਭਾ ਸੀਟਾਂ ’ਤੇ ਛੇਤੀ ਹੀ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਚ ਮਿਲ ਸਕਦਾ ਹੈ। ਪੰਜਾਬ ਦੀ ਆਬਾਦੀ ਵਿਚ ਸਿੱਖਾਂ ਦੀ ਗਿਣਤੀ 60 ਫੀ ਸਦੀ ਹੈ। ਬਿੱਟੂ ਦਸਤਾਰਧਾਰੀ ਸਿੱਖ ਹੈ। ਉਨ੍ਹਾਂ ਨੂੰ ਮੰਤਰੀ ਬਣਾ ਕੇ ਪਾਰਟੀ ਇਸ ਆਬਾਦੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਬਿੱਟੂ ਨੂੰ ਕੇਂਦਰੀ ਕੈਬਨਿਟ ’ਚ ਸ਼ਾਮਲ ਕਰ ਕੇ ਭਾਜਪਾ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਉਨ੍ਹਾਂ ਨੂੰ ਪੰਜਾਬ ਵਿਰੋਧੀ ਕਹਿੰਦੇ ਹਨ। ਪਾਰਟੀ ਆਗੂਆਂ ਨੂੰ ਉਮੀਦ ਹੈ ਕਿ ਬਿੱਟੂ ਦੇ ਮੰਤਰੀ ਬਣਨ ਨਾਲ ਪੰਜਾਬੀਆਂ ਨੂੰ ਸਕਾਰਾਤਮਕ ਸੰਦੇਸ਼ ਜਾਵੇਗਾ। ਪਾਰਟੀ ਦੀ ਰਣਨੀਤੀ ਸਿੱਖ ਚਿਹਰਿਆਂ ਨੂੰ ਸੱਭ ਤੋਂ ਅੱਗੇ ਰੱਖ ਕੇ ਪੇਂਡੂ ਖੇਤਰਾਂ ’ਚ ਪੈਰ ਜਮਾਉਣ ਦੀ ਹੈ। ਅਪਣਾ ਆਧਾਰ ਵਧਾਉਣ ਅਤੇ ਪੇਂਡੂ ਖੇਤਰਾਂ ’ਚ ਪੈਰ ਜਮਾਉਣ ਲਈ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਚਿਹਰਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਸ਼ਾਮਲ ਕੀਤਾ ਗਿਆ। ਇਨ੍ਹਾਂ ’ਚ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਪ੍ਰਨੀਤ ਕੌਰ, ਰਵਨੀਤ ਸਿੰਘ ਬਿੱਟੂ, ਕੇਵਲ ਸਿੰਘ ਢਿੱਲੋਂ, ਸੁਸ਼ੀਲ ਰਿੰਕੂ, ਅਰਵਿੰਦ ਖੰਨਾ, ਸਾਬਕਾ ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ, ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸ਼ਾਮਲ ਹਨ। ਬਿੱਟੂ ਤੋਂ ਇਲਾਵਾ ਜਿਤਿਨ ਪ੍ਰਸਾਦ ਅਤੇ ਜਯੋਤੀਰਾਦਿੱਤਿਆ ਸਿੰਧੀਆ ਵੀ ਕਾਂਗਰਸ ਦੇ ਸਾਬਕਾ ਨੇਤਾ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪਾਰਟੀ ਬਦਲ ਲਈ ਸੀ। ਪ੍ਰਸਾਦ ਨੂੰ ਭਾਜਪਾ ਦੀ ਉੱਤਰ ਪ੍ਰਦੇਸ਼ ਸਰਕਾਰ ’ਚ ਮੰਤਰੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦਕਿ ਸਿੰਧੀਆ ਨੂੰ ਕੈਬਨਿਟ ’ਚ ਬਰਕਰਾਰ ਰੱਖਿਆ ਗਿਆ ਹੈ। ਰਵਨੀਤ ਬਿੱਟੂ ਇਸ ਸਮੇਂ ਨਾ ਤਾਂ ਲੋਕ ਸਭਾ ਮੈਂਬਰ ਹਨ ਅਤੇ ਨਾ ਹੀ ਰਾਜ ਸਭਾ ਦੇ ਮੈਂਬਰ ਹਨ। ਪੰਜਾਬ ਵਿਧਾਨ ਸਭਾ ‘ਚ ਸਿਰਫ 2 ਵਿਧਾਇਕ ਹੋਣ ਕਾਰਨ ਭਾਜਪਾ ਉਨ੍ਹਾਂ ਨੂੰ ਇੱਥੋਂ ਰਾਜ ਸਭਾ ਭੇਜਣ ਦੀ ਸਥਿਤੀ ‘ਚ ਵੀ ਨਹੀਂ ਹੈ। ਅਜਿਹੇ ‘ਚ ਪਾਰਟੀ ਉਨ੍ਹਾਂ ਨੂੰ ਹਰਿਆਣਾ ਜਾਂ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਭੇਜ ਸਕਦੀ ਹੈ। ਹਰਿਆਣਾ ‘ਚ ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਰੋਹਤਕ ਸੀਟ ਤੋਂ ਲੋਕ ਸਭਾ ਚੋਣ ਜਿੱਤ ਲਈ ਹੈ। ਅਜਿਹੇ ‘ਚ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਆਪਣੀ ਰਾਜ ਸਭਾ ਸੀਟ ਖਾਲੀ ਕਰਨੀ ਹੋਵੇਗੀ। ਹਰਿਆਣਾ ‘ਚ ਵੀ ਭਾਜਪਾ ਦੀ ਸਰਕਾਰ ਹੈ।

Leave a Reply

Your email address will not be published. Required fields are marked *