ਪਿੰਡ ਹੇਰਾਂ ‘ਚ ਉਸ ਵੇਲੇ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ ਜਦ ਘਰ ‘ਚ ਇਹੀ ਸੂਚਨਾ ਪਹੁੰਚੀ ਕੀ ਵਿਆਹ ਲਈ ਮੰਡੀ ‘ਚ ਸਬਜ਼ੀਆਂ ਲੈਣ ਜਾ ਰਹੇ ਪਿਓ-ਪੁੱਤ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਦੋਵਾਂ ਦੀ ਮੌਤ ਹੋ ਗਈ। ਉਕਤ ਹਾਦਸਾ ਨਕੋਦਰ ਰੋਡ ‘ਤੇ ਵਾਪਰਿਆ ਜਿੱਥੇ ਇਕ ਟਿੱਪਰ ਨੇ ਮੋਟਰਸਾਈਕਲ ‘ਤੇ ਜਾ ਰਹੇ ਪਿਓ-ਪੁੱਤਰ ਨੂੰ ਕੁਚਲ ਦਿੱਤਾ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵਾਂ ਦੀਆਂ ਲਾਸ਼ਾਂ ਦੇ ਟੁਕੜੇ ਸੜਕ ‘ਤੇ ਖਿਲਰ ਗਏ ਜਿਨ੍ਹਾਂ ਨੂੰ ਲਿਫਾਫਿਆਂ ‘ਚ ਚੁੱਕ ਕੇ ਪੁਲਿਸ ਨੇ ਸਿਵਲ ਹਸਪਤਾਲ ਪਹੁੰਚਾਇਆ। ਚਾਲਕ ਟੱਕਰ ਮਾਰਨ ਤੋਂ ਬਾਅਦ ਟਿੱਪਰ ਛੱਡ ਕੇ ਮੌਕੇ ਤੋਂ ਭੱਜ ਗਿਆ ਜਿਸ ਨੂੰ ਕੁਝ ਦੂਰੀ ਤੋਂ ਹੀ ਲੋਕਾਂ ਨੇ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਪਿੰਡ ਹੇਰਾਂ ਵਾਸੀ ਜਸਵੀਰ ਸਿੰਘ ਦੀ ਧੀ ਦਾ ਬੁੱਧਵਾਰ ਨੂੰ ਵਿਆਹ ਸੀ ਜਿਸ ਲਈ ਉਹ ਆਪਣੇ ਪੁੱਤਰ ਤਰਨਜੀਤ ਸਿੰਘ ਤੇ ਜੀਜਾ ਮਹਿੰਦਰ ਸਿੰਘ ਨਾਲ ਸਬਜ਼ੀ ਲੈਣ ਲਈ ਮਕਸੂਦਾਂ ਸਬਜੀ ਮੰਡੀ ਵੱਲ ਜਾ ਰਿਹਾ ਸੀ। ਮਹਿੰਦਰ ਸਿੰਘ ਮੋਟਰਸਾਈਕਲ ‘ਤੇ ਅਤੇ ਦੋਵੇਂ ਪਿਓ-ਪੁੱਤ ਇਕ ਮੋਟਰਸਾਈਕਲ ‘ਤੇ ਸਨ। ਜਦ ਦੋਵੇਂ ਪਿਓ-ਪੁੱਤ ਨਕੋਦਰ ਰੋਡ ‘ਤੇ ਸਥਿਤ ਖਾਲਸਾ ਕਾਲਜ ਲਾਗੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਟਿੱਪਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਜਿਸ ਨਾਲ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭਾਰਗੋ ਕੈਂਪ ਦੇ ਮੁਖੀ ਸਬ ਇੰਸਪੈਕਟਰ ਸੰਦੀਪ ਰਾਣੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੀ ਤੇ ਸੜਕ ਤੋਂ ਦੋਵਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਲਿਫਾਫਿਆਂ ‘ਚ ਪਾ ਕੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਜੀਜਾ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਸਾਲੇ ਦੀ ਧੀ ਦਾ ਵਿਆਹ ਸੀ। ਜਿਸ ਲਈ ਉਹ ਤਿੰਨੇ ਜਣੇ ਮਕਸੂਦਾਂ ਸਬਜ਼ੀ ਮੰਡੀ ਤੋਂ ਸਬਜ਼ੀ ਲੈਣ ਜਾ ਰਹੇ ਸਨ। ਉਹ ਆਪਣੇ ਮੋਟਰਸਾਈਕਲ ਤੋਂ ਅੱਗੇ ਨਿਕਲ ਗਿਆ ਜਦਕਿ ਦੋਵੇਂ ਪਿਓ ਪੁੱਤ ਪਿੱਛੇ ਰਹਿ ਗਏ। ਜਦ ਉਸਨੇ ਪਿਛਾਂਹ ਮੁੜ ਕੇ ਦੇਖਿਆ ਤਾਂ ਕੋਈ ਵੀ ਦਿਖਾਈ ਨਹੀਂ ਦਿੱਤਾ। ਜਦ ਉਨ੍ਹਾਂ ਨੂੰ ਫੋਨ ਕੀਤਾ ਗਿਆ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ ਜਿਸ ਤੋਂ ਬਾਅਦ ਉਹ ਮੋਟਰਸਾਈਕਲ ‘ਤੇ ਵਾਪਸ ਆਇਆ ਤਾਂ ਖਾਲਸਾ ਸਕੂਲ ਲਾਗੇ ਉਕਤ ਹਾਦਸਾ ਦੇਖ ਕੇ ਉਸ ਦੀ ਰੂਹ ਕੰਬ ਗਈ। ਘਟਨਾ ਦੀ ਸੂਚਨਾ ਉਸਨੇ ਜਿੱਦਾਂ ਹੀ ਪਿੰਡ ਵਿੱਚ ਦਿੱਤੀ ਤਾਂ ਘਰ ਵਿੱਚ ਚੀਕ ਪੁਕਾਰ ਮੱਚ ਗਈ। ਜਿਸ ਘਰ ਵਿੱਚੋਂ ਅੱਜ ਡੋਲੀ ਉੱਠਣੀ ਸੀ ਉਸ ਘਰ ਵਿੱਚੋਂ ਦੋ ਦੋ ਅਰਥੀਆਂ ਉੱਠਣ ਨਾਲ ਸਾਰੇ ਪਿੰਡ ਵਿੱਚ ਮਾਤਮ ਛਾ ਗਿਆ।