ਲੁਧਿਆਣਾ ’ਚ ਬੱਚਿਆਂ ਦੇ ਡੁੱਬਣ ਮਗਰੋਂ ਜਾਗਿਆ ਪ੍ਰਸ਼ਾਸਨ, ਨਹਿਰਾਂ/ਦਰਿਆ/ਚੋਆਂ ਆਦਿ ‘ਚ ਨਹਾਉਣ ‘ਤੇ ਲਗਾਈ ਪਾਬੰਦੀ

ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਣੀ ਨੇ ਨਹਿਰਾਂ, ਨਦੀਆਂ ਤੇ ਤਲਾਬਾਂ ਦੇ ਵਿੱਚ ਨਹਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਕਿ ਪਿਛਲੇ ਦਿਨੀ ਸਤਲੁਜ ਦਰਿਆ ਦੇ ਵਿੱਚ ਪੰਜ ਨੌਜਵਾਨਾਂ ਦੇ ਨਹਾਉਣ ਦੇ ਦੌਰਾਨ ਡੁੱਬਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਸਖ਼ਤ ਆਦੇਸ਼ ਜਾਰੀ ਕੀਤੇ ਹਨ ਅਤੇ ਨਾਲ ਹੀ ਥਾਣਾ ਭਰਭਾਰੀਆਂ ਅਤੇ ਨਹਿਰੀ ਵਿਭਾਗ ਨੂੰ ਗਸ਼ਤ ਵਧਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ, ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਵਗਦੀਆਂ ਨਹਿਰਾਂ/ਦਰਿਆਵਾਂ/ਚੋਆਂ ਆਦਿ ਵਿੱਚ ਨਹਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਸਾਹਨੀ ਨੇ ਆਪਣੇ ਹੁਕਮਾਂ ਵਿੱਚ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਾਰਨ ਬੱਚਿਆਂ/ਨੌਜਵਾਨਾਂ ਵੱਲੋਂ ਅਕਸਰ ਗਰਮੀ ਤੋਂ ਰਾਹਤ ਪਾਉਣ ਲਈ ਕਾਫੀ ਮਾਤਰਾ ਵਿੱਚ ਨਹਿਰਾਂ/ਦਰਿਆਵਾਂ/ਚੋਆਂ ਆਦਿ ਵਿੱਚ ਨਹਾਉਣ ਦਾ ਯਤਨ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਮੌਸਮ ਦੌਰਾਨ ਅਕਸਰ ਨਹਿਰਾਂ/ਦਰਿਆਵਾਂ ਵਿੱਚ ਪਾਣੀ ਕਾਫ਼ੀ ਤੇਜ਼ ਰਫਤਾਰ ਨਾਲ ਵਹਿੰਦਾ ਹੈ ਅਤੇ ਤੇਜ਼ ਵਹਾਅ ਕਾਰਨ ਜਾਨ ਅਤੇ ਮਾਲ ਦਾ ਨੁਕਸਾਨ ਹੋਣ ਦਾ ਖ਼ਦਸਾ ਬਣਿਆ ਰਹਿੰਦਾ ਹੈ। ਇਸ ਲਈ ਅਮਨ/ਕਾਨੂੰਨ ਕਾਇਮ ਰੱਖਣ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਢੁੱਕਵੇਂ ਕਦਮ ਚੁੱਕਣੇ ਲਾਜ਼ਮੀ ਹਨ। ਉਨ੍ਹਾਂ ਨਹਿਰੀ ਵਿਭਾਗ ਵੀ ਨਿਰਦੇਸ਼ ਜਾਰੀ ਕੀਤੇ ਕਿ ਨਹਿਰਾਂ/ਦਰਿਆਵਾਂ/ਚੋਆਂ ਆਦਿ ‘ਤੇ ਗਸ਼ਤ ਲਗਾਈ ਜਾਵੇ ਅਤੇ ਆਮ ਜਨਤਾ ਨੂੰ ਪਾਬੰਦੀ ਹੁਕਮਾਂ ਬਾਰੇ ਜਾਣੂ ਕਰਵਾਕੇ ਨਹਿਰਾਂ/ਦਰਿਆਵਾਂ ਵਿੱਚ ਨਹਾਉਣ ਤੋਂ ਰੋਕਿਆ ਜਾਵੇ। ਉਨ੍ਹਾਂ ਆਪਣੇ ਹੁਕਮਾਂ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਸਬੰਧਿਤ ਥਾਣਾ ਮੁਖੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਨਹਿਰਾਂ/ਦਰਿਆਵਾਂ/ਚੋਆਂ ਆਦਿ ‘ਤੇ ਗਸ਼ਤ ਕਰਵਾਉਣ ਅਤੇ ਉਕਤ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਹ ਹੁਕਮ 10 ਜੂਨ, 2024 ਤੋਂ ਲਾਗੂ ਕੀਤੇ ਗਏ ਹਨ।

Leave a Reply

Your email address will not be published. Required fields are marked *