ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਸਿੰਘਪੁਰ ਜੱਟਾਂ ਦੇ ਇੱਕ ਗਰੀਬ ਕਿਸਾਨ ਦੀ ਖੇਤਾਂ ’ਚ ਚਾਰਾ ਵੱਢਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਦੇਰ ਰਾਤ ਆਏ ਤੇਜ਼ ਹਨੇਰੀ ਕਾਰਨ ਖੇਤਾਂ ਵਿਚ ਲੱਗੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਬਹੁਤ ਗਰੀਬ ਸੀ। ਮੱਖਣ ਸਿੰਘ ਦੀਆਂ ਚਾਰ ਧੀਆਂ ਹਨ ਅਤੇ ਘਰ ਵਿਚ ਕਮਾਉਣ ਵਾਲਾ ਹੋਰ ਕੋਈ ਨਹੀਂ ਹੈ। ਮੱਖਣ ਸਿੰਘ ਸਾਈਕਲ ’ਤੇ ਘਰੋਂ ਕਿਸੇ ਦੇ ਖੇਤਾਂ ’ਚ ਪਸ਼ੂਆਂ ਲਈ ਚਾਰਾ ਕੱਟਣ ਗਿਆ ਸੀ। ਜਿੱਥੇ ਉਹ ਚਾਰਾ ਵੱਢ ਰਿਹਾ ਸੀ ਤਾਂ ਅਚਾਨਕ ਮੱਖਣ ਸਿੰਘ ਦਾ ਪੈਰ ਉਸ ਤਾਰ ‘ਤੇ ਧਰਿਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੱਖਣ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਉਸ ਦਾ ਪਰਿਵਾਰ ਗੁਜ਼ਾਰਾ ਕਰ ਸਕੇ।