ਹੁਸ਼ਿਆਰਪੁਰ ਜ਼ਿਲੇ ਦੇ ਹਲਕਾ ਦਸੂਹਾ ਰੋਡ ‘ਤੇ ਪਿੰਡ ਮਾਛੀਆਂ ਨੇੜੇ ਬੱਸ ਅਤੇ ਬਾਈਕ ਵਿਚਾਲੇ ਹੋਈ ਟੱਕਰ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਨੌਜਵਾਨ ਆਪਣੀ ਡਿਊਟੀ ਖਤਮ ਕਰਕੇ ਬਾਈਕ ‘ਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਆ ਰਿਹਾ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੀਵਾਨ ਚੰਦ ਵਾਸੀ ਪਿੰਡ ਸ਼ੇਖਾ ਨੇ ਦੱਸਿਆ ਕਿ ਉਸ ਦਾ ਲੜਕਾ ਅਮਨਦੀਪ ਸਿੰਘ ਉਮਰ ਕਰੀਬ 32 ਸਾਲ ਹਰਿਆਣਾ ਦੇ ਢੋਲਵਾਹਾ ਰੋਡ ’ਤੇ ਸਥਿਤ ਜੰਗਲਾਤ ਵਿਭਾਗ ਦੇ ਦਫ਼ਤਰ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਜੋ ਕੱਲ੍ਹ ਆਪਣੀ ਡਿਊਟੀ ‘ਤੇ ਢੋਲਵਾਹਾ ਗਿਆ ਹੋਇਆ ਸੀ। ਅਮਨਦੀਪ ਸਿੰਘ ਦਫ਼ਤਰ ਤੋਂ ਛੁੱਟੀ ਕਰਕੇ ਆਪਣੇ ਪਿੰਡ ਸ਼ੇਖਾ ਪਰਤ ਰਿਹਾ ਸੀ। ਜਦੋਂ ਉਹ ਬੱਸ ਸਟੈਂਡ ਮਾਛੀਆ ਪਹੁੰਚਿਆ ਤਾਂ ਹਰਿਆਣਾ ਰੋਡਵੇਜ਼ ਦੀ ਬੱਸ ਨੇ ਨੌਜਵਾਨ ਦੀ ਬਾਈਕ ਨੂੰ ਸਿੱਧੀ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ। ਬੱਸ ਚਾਲਕ ਨੇ ਕੁਝ ਦੂਰੀ ‘ਤੇ ਜਾ ਕੇ ਆਪਣੀ ਬੱਸ ਰੋਕ ਲਈ ਅਤੇ ਪੁੱਛਣ ‘ਤੇ ਉਸ ਨੇ ਆਪਣਾ ਨਾਮ ਸੁਸ਼ੀਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਨਰਾਣਾ ਥਾਣਾ, ਜ਼ਿਲ੍ਹਾ ਪਾਣੀਪਤ, ਹਰਿਆਣਾ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਸੜਕ ’ਤੇ ਡਿੱਗੇ ਆਪਣੇ ਲੜਕੇ ਨੂੰ ਸੰਭਾਲਣ ਲੱਗਾ ਤਾਂ ਬੱਸ ਚਾਲਕ ਬੱਸ ਨੂੰ ਉਥੇ ਹੀ ਛੱਡ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਅਸੀਂ ਲੋਕਾਂ ਦੇ ਸਹਿਯੋਗ ਨਾਲ ਗੱਡੀ ਦਾ ਪ੍ਰਬੰਧ ਕੀਤਾ ਅਤੇ ਲੜਕੇ ਅਮਨਦੀਪ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਲੈ ਗਏ ,ਜਿੱਥੇ ਡਾਕਟਰ ਨੇ ਜਾਂਚ ਕਰਕੇ ਉਸ ਦੇ ਲੜਕੇ ਅਮਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਸ ਨੇ ਮ੍ਰਿਤਕ ਅਮਨਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੇ ਪਿਤਾ ਦੀਵਾਨ ਸਿੰਘ ਵਾਸੀ ਸ਼ੇਖਾ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।