ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਜਾਣੋ ਇਹ ਨਿਯਮ, ਸਖ਼ਤੀ ਨਾਲ ਕਰਨੀ ਪਵੇਗੀ ਪਾਲਣਾ

ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ’ਚ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਬੀਤੇ ਦਿਨੀਂ ਇੱਕ ਲੜਕੀ ਨੇ ਸ੍ਰੀ ਦਰਬਾਰ ਸਾਹਿਬ ਅੰਦਰ 21 ਜੂਨ ਨੂੰ ਯੋਗਾ ਕੀਤਾ, ਜਿਸ ਦਾ ਸਿੱਖ ਭਾਈਚਾਰੇ ਵੱਲੋਂ ਸਖ਼ਤ ਇਤਰਾਜ ਕੀਤਾ ਗਿਆ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਉਸ ਸੋਸ਼ਲ ਮੀਡੀਆ ਇੰਨਫਲੁਏਂਸਰ ਅਰਚਨਾ ਮਕਵਾਨਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਤੇ ਧਾਰਾ 295-ਏ ਤਹਿਤ ਥਾਣਾ ਸਦਰ ’ਚ ਕੇਸ ਵੀ ਦਰਜ ਕਰਵਾਇਆ ਗਿਆ। ਹਾਲਾਂਕਿ ਇਸ ਘਟਨਾ ਤੋਂ ਬਾਅਦ ਲੜਕੀ ਨੇ ਸੋਸ਼ਲ ਮੀਡੀਆ ਤੋਂ ਫੋਟੋਆਂ ਹਟਾ ਦਿੱਤੀਆਂ ਹਨ ਅਤੇ ਆਪਣੀ ਗ਼ਲਤੀ ਲਈ ਮਾਫ਼ੀ ਵੀ ਮੰਗੀ ਹੈ। ਤੁਹਾਨੂੰ ਦੱਸ ਦੇਈਏ ਕਿ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਕੀ-ਕੀ ਨਿਯਮ ਹਨ, ਜੋ ਕਿ SGPC ਵੱਲੋਂ ਬਣਾਏ ਗਏ ਹਨ। ਹਰ ਇੱਕ ਸ਼ਰਧਾਲੂ ਲਈ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਹ ਨਿਯਮ ਇਸ ਲਈ ਬਣਾਏ ਗਏ ਹਨ ਤਾਂ ਜੋ ਸਿੱਖ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇਸ ਲਈ ਤੁਹਾਡੇ ਲਈ ਇਨ੍ਹਾਂ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੈ।
ਇਹ ਹਨ ਨਿਯਮ
-ਹਰਿਮੰਦਰ ਸਾਹਿਬ ਪਹੁੰਚਣ ’ਤੇ ਮਰਦਾਂ ਅਤੇ ਔਰਤਾਂ ਸਮੇਤ ਸਾਰਿਆਂ ਨੂੰ ਆਪਣੇ ਸਿਰ ਨੂੰ ਕੱਪੜੇ (ਜਿਵੇਂ ਰੁਮਾਲ, ਚੁੰਨੀ, ਰੁਮਾਲ ਆਦਿ) ਨਾਲ ਢੱਕਣਾ ਹੋਵੇਗਾ।
-ਜੇਕਰ ਕਿਸੇ ਕੋਲ ਸਿਰ ਢੱਕਣ ਲਈ ਕੱਪੜੇ ਨਹੀਂ ਹਨ ਤਾਂ ਹਰਿਮੰਦਰ ਸਾਹਿਬ ’ਚ ਇਸਦੀ ਸਹੂਲਤ ਹੈ। ਇਸ ਦੇ ਨਾਲ ਹੀ ਇਮਾਰਤ ਦੇ ਬਾਹਰ ਸਕਾਰਫ਼ ਬਹੁਤ ਸਸਤੇ ਭਾਅ ’ਤੇ ਵੇਚੇ ਜਾਂਦੇ ਹਨ।
-ਸਾਰੇ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ’ਚ ਦਾਖ਼ਲ ਹੋਣ ਤੋਂ ਪਹਿਲਾਂ ਜੁੱਤੀਆਂ ਉਤਾਰਨੀਆਂ ਪੈਣਗੀਆਂ। ਇਸ ਤੋਂ ਬਾਅਦ, ਤੁਸੀਂ ਸਰੋਵਰ ਵਿਚ ਚਲ ਕੇ ਅਤੇ ਪੈਰ ਧੋ ਕੇ ਹੀ ਹਰਿਮੰਦਰ ਸਾਹਿਬ ਵਿਚ ਪ੍ਰਵੇਸ਼ ਕਰ ਸਕੋਗੇ।
-ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਅਸਥਾਨ ਦੇ ਅੰਦਰ ਬੀੜੀ, ਸਿਗਰਟ, ਤੰਬਾਕੂ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਸਖ਼ਤ ਮਨਾਹੀ ਹੈ।
-ਹਰਿਮੰਦਰ ਸਾਹਿਬ ਦੇ ਅੰਦਰ ਚਿਊਇੰਗ ਗਮ, ਸਨਗਲਾਸ ਅਤੇ ਫੋਟੋਗ੍ਰਾਫ਼ੀ ਦੀ ਮਨਾਹੀ ਹੈ।
-ਸਿਰਫ਼ ਬਾਹਰੀ ਪਰਿਕਰਮਾ ਵਿਚ ਫੋਟੋਗ੍ਰਾਫੀ ਦੀ ਇਜਾਜ਼ਤ ਹੈ।
-ਵਿਸ਼ੇਸ਼ ਕਾਰਨਾਂ ਕਰਕੇ, ਹਰਿਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਲਈ ਚੇਅਰਮੈਨ/ਸਕੱਤਰ (SGPC) ਜਾਂ ਹਰਿਮੰਦਰ ਸਾਹਿਬ ਦੇ ਮੈਨੇਜਰ ਤੋਂ ਇਜਾਜ਼ਤ ਲਈ ਜਾ ਸਕਦੀ ਹੈ।
-ਕੋਈ ਵੀ ਪਵਿੱਤਰ ਸਰੋਵਰ (ਅੰਮ੍ਰਿਤ ਦੇ ਕੁੰਡ) ਵਿਚ ਡੁਬਕੀ ਲੈ ਸਕਦਾ ਹੈ ਪਰ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਨਹੀਂ ਕਰ ਸਕਦਾ।
-ਸਰੋਵਰ ਵਿਚ ਤੈਰਾਕੀ ਦੀ ਮਨਾਹੀ ਹੈ।
-ਸ੍ਰੀ ਦਰਬਾਰ ਸਾਹਿਬ ਦੇ ਹਰ ਪ੍ਰਵੇਸ਼ ਦੁਆਰ ’ਤੇ ਸੰਗਤਾਂ ਦੇ ਜੁੱਤੇ ਅਤੇ ਸਮਾਨ ਰੱਖਣ ਦਾ ਮੁਫ਼ਤ ਪ੍ਰਬੰਧ ਹੈ।
-ਪਵਿੱਤਰ ਅਸਥਾਨ ’ਚ ਦਾਖ਼ਲ ਹੋਣ ਤੋਂ ਪਹਿਲਾਂ ਕਿਰਪਾ ਕਰਕੇ ਆਪਣੇ ਮੋਬਾਈਲ ਫ਼ੋਨ ਬੰਦ ਕਰ ਦਿਓ।
-ਪਵਿੱਤਰ ਅਸਥਾਨ ਵਿਚ ਦਾਖ਼ਲ ਹੋਣ ਤੋਂ ਪਹਿਲਾਂ, ਹੱਥ-ਪੈਰ ਧੋਣੇ ਚਾਹੀਦੇ ਹਨ ਅਤੇ ਸਿਰ ਨੂੰ ਕੱਪੜੇ ਨਾਲ ਢੱਕਣਾ ਚਾਹੀਦਾ ਹੈ।

Leave a Reply

Your email address will not be published. Required fields are marked *