ਪੰਜਾਬ ਦੇ ਜਲਾਲਾਬਾਦ ਦੇ ਮਸ਼ਹੂਰ ਡਰੱਗ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ ਕਪੂਰਥਲਾ ਪੁਲਿਸ ਨੇ ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਸਬ-ਡਵੀਜ਼ਨ ਭੁਲੱਥ ਦੇ ਪਿੰਡ ਲੱਖਣ ਦੇ ਪੱਡਾ ‘ਚ ਸਥਿਤ 37 ਲੱਖ ਰੁਪਏ ਦੀ ਕੀਮਤ ਦੇ ਤਸਕਰ ਦਾ ਘਰ ਅਤੇ ਕਾਰ ਜ਼ਬਤ ਕਰ ਲਈ ਹੈ। ਜਿਸ ਦਾ ਨੋਟਿਸ ਵੀ ਪੁਲਿਸ ਵੱਲੋਂ ਘਰ ਦੇ ਬਾਹਰ ਚਿਪਕਾਇਆ ਗਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਦੇਬੀ ਨੇ ਨਸ਼ਾ ਵੇਚ ਕੇ ਇਹ ਜਾਇਦਾਦ ਬਣਾਈ ਹੈ। ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਨਸ਼ਾ ਤਸਕਰਾਂ ਖਿਲਾਫ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਹੈ। ਜਿਸ ਦੇ ਚੱਲਦਿਆਂ ਕਪੂਰਥਲਾ ਦੀ ਭੁੱਲਥ ਸਬ-ਡਵੀਜ਼ਨ ਦੇ ਪਿੰਡ ਲੱਖਣ ਦੇ ਪੱਡਾ ਦੇ ਰਹਿਣ ਵਾਲੇ ਇੱਕ ਨਸ਼ਾ ਤਸਕਰ ਖਿਲਾਫ ਜਲਾਲਾਬਾਦ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਇਸ ਡਰੱਗ ਮਾਮਲੇ ਵਿੱਚ ਭਾਰਤ ਸਰਕਾਰ ਤੋਂ ਮਿਲੇ ਨਿਰਦੇਸ਼ਾਂ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰ ਦੇ ਘਰ 30 ਲੱਖ ਰੁਪਏ ਦੀ ਕੀਮਤ ਅਤੇ ਉਸਦੀ 7 ਲੱਖ ਰੁਪਏ ਦੀ ਕਾਰ ਜ਼ਬਤ ਕਰ ਲਈ ਹੈ। ਡੀਐਸਪੀ ਭੁਲੱਥ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਲੱਖਣ ਦੇ ਪੱਡਾ ਦੇ ਗੁਰਦੇਵ ਸਿੰਘ ਦੇਬੀ ਦਾ ਨਾਮ ਜਲਾਲਾਬਾਦ ਵਿੱਚ ਦਰਜ ਇੱਕ ਪੁਰਾਣੇ ਨਸ਼ੇ ਦੇ ਕੇਸ ਵਿੱਚ ਸੀ। ਇਸ ਮਾਮਲੇ ਵਿੱਚ ਭਾਰਤ ਸਰਕਾਰ ਵੱਲੋਂ 12 ਜੂਨ ਨੂੰ ਦੇਬੀ ਦੀ 37 ਲੱਖ ਰੁਪਏ ਦੀ ਚੱਲ-ਅਚੱਲ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਮਿਲੇ ਸਨ, ਕਿਉਂਕਿ ਦੇਬੀ ਨੇ ਇਹ ਜਾਇਦਾਦ ਨਸ਼ਿਆਂ ਦੇ ਕਾਰੋਬਾਰ ਰਾਹੀਂ ਬਣਾਈ ਸੀ। ਭਾਰਤ ਸਰਕਾਰ ਦੇ ਸਮਰੱਥ ਅਧਿਕਾਰੀ ਦੇ ਹੁਕਮਾਂ ਦੀ ਪੂਰਤੀ ਕਰਦੇ ਹੋਏ ਗੁਰਦੇਵ ਸਿੰਘ ਦੇਬੀ ਦੇ ਘਰ ਦੇ ਬਾਹਰ ਨੋਟਿਸ ਚਿਪਕਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਬੀ ਦੇ ਪਰਿਵਾਰ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਹੁਣ ਇਹ ਜਾਇਦਾਦ ਅਤੇ ਕਾਰ ਭਾਰਤ ਸਰਕਾਰ ਦੀ ਹੈ। ਇਸ ਲਈ ਇਸ ਨੂੰ ਨਾ ਤਾਂ ਕੋਈ ਖਰੀਦ ਸਕਦਾ ਹੈ ਅਤੇ ਨਾ ਹੀ ਵੇਚ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਗਈ ਹੈ। ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।