ਪੰਜਾਬ ਪੁਲਿਸ ਨੇ ਯੋਗਾ ਗਰਲ ਅਰਚਨਾ ਮਕਵਾਨਾ ਨੂੰ ਭੇਜਿਆ ਨੋਟਿਸ, 30 ਜੂਨ ਨੂੰ ਪੇਸ਼ ਹੋ ਕੇ ਦੇਣਾ ਪਵੇਗਾ ਜਵਾਬ

ਥਾਣਾ ਕੋਤਵਾਲੀ ਦੀ ਪੁਲਿਸ ਨੇ ਯੋਗ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੰਪਲੈਕਸ ਵਿੱਚ ਯੋਗਾ ਕਰਨ ਵਾਲੀ ਫੈਸ਼ਨ ਡਿਜ਼ਾਈਨਰ ਅਰਚਨਾ ਮਕਵਾਨਾ ਨੂੰ ਨੋਟਿਸ ਭੇਜ ਕੇ 30 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਉਹ ਉਕਤ ਮਿਤੀ ‘ਤੇ ਅੰਮ੍ਰਿਤਸਰ ਆ ਕੇ ਆਪਣਾ ਜਵਾਬ ਦੇਣ। ਦੂਜੇ ਪਾਸੇ ਫੈਸ਼ਨ ਡਿਜ਼ਾਈਨਰ ਅਰਚਨਾ ਨੇ ਐਸਜੀਪੀਸੀ ਵੱਲੋਂ ਦਰਜ ਕਰਵਾਈ ਐਫਆਈਆਰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐਸਜੀਪੀਸੀ ਅਜਿਹਾ ਨਹੀਂ ਕਰਦੀ ਤਾਂ ਉਹ ਆਪਣੀ ਕਾਨੂੰਨੀ ਟੀਮ ਨਾਲ ਲੜਾਈ ਲੜਨ ਲਈ ਤਿਆਰ ਹਨ। ਉਨ੍ਹਾਂ ਨੇ ਵੀਰਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਇਹ ਗੱਲ ਕਹੀ। ਜਾਰੀ ਕੀਤੇ ਗਏ ਵੀਡੀਓ ‘ਚ ਉਸ ਨੇ ਕਿਹਾ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। 21 ਜੂਨ ਨੂੰ ਜਦੋਂ ਉਹ ਯੋਗਾ ਕਰ ਰਹੀ ਸੀ ਤਾਂ ਕਿਸੇ ਸੇਵਾਦਾਰ ਨੇ ਉਸ ਨੂੰ ਨਹੀਂ ਰੋਕਿਆ। ਇੰਨਾ ਹੀ ਨਹੀਂ ਉਸ ਦੀ ਫੋਟੋ ਖਿੱਚਣ ਵਾਲਾ ਵੀ ਸਰਦਾਰ ਜੀ ਸੀ। ਬਹੁਤ ਸਾਰੇ ਸਿੱਖ ਵੀ ਉਥੇ ਖੜ੍ਹੇ ਸਨ, ਉਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਿਆ। ਉਸ ਦੇ ਵਿਸ਼ਵਾਸ ਨੂੰ ਬਿਲਕੁਲ ਵੀ ਠੇਸ ਨਹੀਂ ਪਹੁੰਚੀ। ਉਸ ਨੇ ਕਿਹਾ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ। ਉਸ ਦੀ ਤਸਵੀਰ ਗਲਤ ਤਰੀਕੇ ਨਾਲ ਵਾਇਰਲ ਹੋ ਗਈ ਹੈ। ਅਰਚਨਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਸ ਵਿਰੁੱਧ ਬੇਬੁਨਿਆਦ ਐਫਆਈਆਰ ਦਰਜ ਕਰਵਾਈ ਗਈ ਹੈ। ਇਸ ਦੀ ਕੀ ਲੋੜ ਸੀ? ਜਦਕਿ ਉਸ ਨੇ ਮੁਆਫੀ ਵੀ ਮੰਗ ਲਈ ਸੀ। ਅਰਚਨਾ ਦਾ ਕਹਿਣਾ ਹੈ ਕਿ ਉਸ ਨੇ ਜਿੱਥੇ ਯੋਗਾ ਕੀਤਾ ਉੱਥੇ ਕੋਈ ਨਿਯਮ ਨਹੀਂ ਲਿਖਿਆ ਹੋਇਆ ਸੀ। ਉੱਥੇ ਰੋਜ਼ਾਨਾ ਆਉਣ ਵਾਲੇ ਲੋਕਾਂ ਨੂੰ ਨਿਯਮਾਂ ਦਾ ਪਤਾ ਨਹੀਂ ਹੁੰਦਾ, ਤਾਂ ਗੁਜਰਾਤ ਤੋਂ ਪਹਿਲੀ ਵਾਰ ਆਉਣ ਵਾਲੀ ਲੜਕੀ ਨੂੰ ਨਿਯਮਾਂ ਬਾਰੇ ਕਿਵੇਂ ਪਤਾ ਹੋਵੇਗਾ। ਜੇਕਰ ਕਿਸੇ ਨੇ ਉਸ ਨੂੰ ਉੱਥੇ ਰੋਕਿਆ ਹੁੰਦਾ ਤਾਂ ਉਸ ਨੇ ਅਜਿਹਾ ਕੁਝ ਨਹੀਂ ਕਰਨਾ ਸੀ। ਜ਼ਿਕਰਯੋਗ ਹੈ ਕਿ ਅਰਚਨਾ ਮਕਵਾਨਾ 21 ਜੂਨ ਨੂੰ ਯੋਗ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦਿਆਂ ਯੋਗਾ ਕੀਤਾ ਸੀ। ਉਸ ਨੇ ਆਪਣੇ ਇੰਟਰਨੈੱਟ ਅਕਾਊਂਟ ‘ਤੇ ਆਪਣੇ ਧਿਆਨ ਅਤੇ ਸ਼ਿਰਸ਼ਾਸਨ ਕਰਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ ਅਤੇ ਐਸਜੀਪੀਸੀ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਅਰਚਨਾ ਮਕਵਾਨਾ ਖਿਲਾਫ ਐਫਆਈਆਰ ਦਰਜ ਕਰਵਾਈ। ਇਸ ਦੇ ਨਾਲ ਹੀ ਉਨ੍ਹਾਂ ਦੇ ਤਿੰਨ ਸੇਵਾਦਾਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ ।

Leave a Reply

Your email address will not be published. Required fields are marked *