ਜਲੰਧਰ ਦਿਹਾਤੀ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਉਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦਿਹਾਤ ਪੁਲਿਸ ਨੇ ਪੰਜ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਵਿੱਚੋਂ ਇੱਕ ਅਮਰੀਕਾ ਸਥਿਤ ਗੈਂਗਸਟਰ ਸੋਨੂੰ ਖੱਤਰੀ ਅਤੇ ਸੌਰਵ ਗੁੱਜਰ ਗੈਂਗ ਦੇ ਸੰਪਰਕ ਵਿੱਚ ਸੀ। ਉਨ੍ਹਾਂ ਨੇ ਹੁਸ਼ਿਆਰਪੁਰ ਤੇ ਆਦਮਪੁਰ ਵਿਚ ਆਪਣੇ ਵਿਰੋਧੀ ਗਿਰੋਹ ਦੇ ਕੁਰਕਿਆਂ ਨੂੰ ਮਾਰਨਾ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਉਕਤ ਦੋਸ਼ੀ ਨੂੰ ਜਲੰਧਰ ਦਿਹਾਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਨੇ ਦੋਸ਼ੀਆਂ ਕੋਲੋਂ ਪੰਜ ਹਥਿਆਰ ਬਰਾਮਦ ਕੀਤੇ ਹਨ। ਫੜੇ ਗਏ ਬਦਮਾਸ਼ਾਂ ਦੀ ਪਛਾਣ ਸ਼ਿਵ ਦਿਆਲ ਉਰਫ਼ ਬਿੱਲਾ ਵਾਸੀ ਹੁਸ਼ਿਆਰਪੁਰ, ਜਸਵਿੰਦਰ ਸਿੰਘ ਉਰਫ਼ ਕਾਲਾ ਵਾਸੀ ਆਦਮਪੁਰ, ਹਰਜੀਤ ਸਿੰਘ ਉਰਫ਼ ਗੋਰਾ, ਚੰਦਰ ਸ਼ੇਖਰ ਉਰਫ਼ ਪੰਡਤ ਵਾਸੀ ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਉਰਫ਼ ਸੁੱਚਾ ਉਰਫ਼ ਗਿੰਦੂ ਵਾਸੀ ਕਪੂਰਥਲਾ ਵਜੋਂ ਹੋਈ ਹੈ। ਫੜੇ ਗਏ ਦੋਸ਼ੀਆਂ ਕੋਲੋਂ ਚਾਰ ਪਿਸਤੌਲ, 8 ਜਿੰਦਾ ਕਾਰਤੂਸ, 8 ਮੈਗਜ਼ੀਨ, ਇਕ ਦੇਸੀ ਪਿਸਤੌਲ, ਇਕ ਜਿੰਦਾ ਕਾਰਤੂਸ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਹ ਸਾਰੀਆਂ ਵਸਤੂਆਂ ਦੋਸ਼ੀਆਂ ਵੱਲੋਂ ਜੁਰਮ ਵਿੱਚ ਵਰਤਣੀਆਂ ਸਨ। ਕਾਲਾ ਅਤੇ ਗੋਰਾ ਖਿਲਾਫ ਪਹਿਲਾਂ ਵੀ ਲੁੱਟ-ਖੋਹ ਦਾ ਇਕ ਮਾਮਲਾ ਦਰਜ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਮੱਧ ਪ੍ਰਦੇਸ਼ ਦੇ ਅਸਲਾ ਸਪਲਾਇਰਾਂ ਦੇ ਸਬੰਧਾਂ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਬਦਮਾਸ਼ ਸਿਰਫ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਸਨ। ਉਕਤ ਹਥਿਆਰਾਂ ਦੇ ਪੈਸੇ ਵੀ ਸਿੱਧੇ ਵਿਦੇਸ਼ਾਂ ਤੋਂ ਸਪਲਾਇਰਾਂ ਨੂੰ ਭੇਜੇ ਜਾਂਦੇ ਸਨ। ਮਿਲੀ ਜਾਣਕਾਰੀ ਮੁਤਾਬਕ ਹਥਿਆਰਾਂ ਦਾ ਆਰਡਰ ਅਮਰੀਕਾ ਵਿੱਚ ਬੈਠੇ ਇੱਕ ਗੈਂਗਸਟਰ ਨੇ ਦਿੱਤਾ ਸੀ। ਦੋਸ਼ੀ ਖੁਦ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਆਇਆ ਸੀ। ਪੁਲਿਸ ਨੇ ਬਦਮਾਸ਼ਾਂ ਤੋਂ ਪੁੱਛਗਿੱਛ ਕਰਨ ਮਗਰੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਫਿਲੌਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਉਕਤ ਦੋਸ਼ੀ ਨੂੰ ਫਿਲੌਰ ਦੇ ਨੇੜੇ ਤੋਂ ਕਾਬੂ ਕੀਤਾ ਹੈ। ਬਦਮਾਸ਼ਾਂ ਖ਼ਿਲਾਫ਼ ਥਾਣਾ ਫਿਲੌਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।