ਇਟਲੀ ਜਾਣ ਦਾ ਚਾਹਵਾਨ ਇਕ ਅੰਗਹੀਣ ਪੰਜਾਬੀ ਨੌਜਵਾਨ ਮਨਦੀਪ ਕੁਮਾਰ ਪਹਿਲਾਂ ਟ੍ਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਅਤੇ ਫਿਰ ਉਸ ਨੂੰ ਜ਼ਬਰਦਸਤੀ ਰੂਸੀ ਫ਼ੌਜ ’ਚ ਭਰਤੀ ਕਰ ਲਿਆ ਗਿਆ। ਦਰਅਸਲ, ਇਸ ਵੇਲੇ ਯੂਕਰੇਨ ਨਾਲ ਜੰਗ ਲੱਗੀ ਹੋਣ ਕਾਰਣ ਰੂਸ ਨੂੰ ਫ਼ੌਜੀ ਜਵਾਨਾਂ ਦੀ ਡਾਢੀ ਲੋੜ ਹੈ। ਇਸੇ ਲਈ ਇਸ ਤੋਂ ਪਹਿਲਾਂ ਵੀ ਕੁੱਝ ਪੰਜਾਬੀ ਨੌਜਵਾਨਾਂ ਨੂੰ ਇੰਝ ਹੀ ਉਸ ਦੇਸ਼ ਦੀ ਫ਼ੌਜ ’ਚ ਜਬਰੀ ਭਰਤੀ ਦੀਆਂ ਖ਼ਬਰਾਂ ਆਈਆਂ ਸਨ। ਟ੍ਰੈਵਲ ਏਜੰਟ ਰੂਸੀ ਫ਼ੌਜ ’ਚ ਨਿਤ ਨਵੇਂ ਨੌਜਵਾਨਾਂ ਨੂੰ ਭਰਤੀ ਕਰਵਾਉਣ ਲਈ ਅਜਿਹੀਆਂ ਧੋਖਾਧੜੀਆਂ ਕਰ ਰਹੇ ਹਨ। ਹੋ ਸਕਦਾ ਹੈ ਕਿ ਇਸ ਕੰਮ ਲਈ ਰੂਸੀ ਸਰਕਾਰ ਤੋਂ ਵੀ ਉਨ੍ਹਾਂ ਨੂੰ ਕੋਈ ‘ਇੰਸੈਂਟਿਵ’ ਮਿਲਦਾ ਹੋਵੇ। ਗੁਰਾਇਆ (ਜਲੰਧਰ) ਦਾ ਜੰਮਪਲ ਮਨਦੀਪ ਕੁਮਾਰ ਜਾਣਾ ਤਾਂ ਇਟਲੀ ਚਾਹੁੰਦਾ ਸੀ ਪਰ ਟ੍ਰੈਵਲ ਏਜੰਟ ਨੇ ਧੋਖੇ ਨਾਲ ਉਸ ਨੂੰ ਰੂਸ ਦੀ ਰਾਜਧਾਨੀ ਮਾਸਕੋ ਭੇਜ ਦਿਤਾ, ਜਿਥੇ ਉਸ ਨੂੰ ‘ਜ਼ਬਰਦਸਤੀ’ ਰੂਸੀ ਫ਼ੌਜ ’ਚ ਭਰਤੀ ਕਰ ਦਿਤਾ ਗਿਆ। ਪੀੜਤ ਨੌਜਵਾਨ ਮਨਦੀਪ ਦੇ ਭਰਾ ਜਗਦੀਪ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਸਿਆ ਕਿ ਉਸ ਦੇ ਭਰਾ ਦੇ ਖੱਬੇ ਪੈਰ ’ਚ ਨੁਕਸ ਹੈ। ਇਕ ਟ੍ਰੈਵਲ ਏਜੰਟ ਨੇ ਮਨਦੀਪ ਤੇ ਉਸ ਦੇ ਦੋਸਤਾਂ ਨੂੰ ਇਹ ਲਾਰਾ ਲਾਇਆ ਸੀ ਕਿ ਉਨ੍ਹਾਂ ਨੂੰ ਆਰਮੀਨੀਆ ਦੇਸ਼ ਰਾਹੀਂ ਇਟਲੀ ਭੇਜ ਦਿਤਾ ਜਾਵੇਗਾ ਪਰ ਰੂਸ ਪੁੱਜ ਕੇ ਟ੍ਰੈਵਲ ਏਜੰਟ ਹੋਰ ਪੈਸੇ ਮੰਗਣ ਲੱਗ ਪਿਆ ਤੇ ਪਰਦੇਸ ’ਚ ਬੈਠੇ ਨੌਜਵਾਨਾਂ ਨੂੰ ਧਮਕੀਆਂ ਵੀ ਦਿਤੀਆਂ। ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਦੀ ਜਦੋਂ ਮਨਦੀਪ ਨਾਲ ਆਖ਼ਰੀ ਵਾਰ ਗੱਲਬਾਤ ਹੋਈ ਸੀ, ਤਾਂ ਉਹ ਫ਼ੌਜੀ ਵਰਦੀ ’ਚ ਸੀ ਤੇ ਇਹੋ ਆਖ ਰਿਹਾ ਸੀ ਕਿ ਉਸ ਨੂੰ ਬਚਾ ਲਿਆ ਜਾਵੇ। ਜਗਦੀਪ ਕੁਮਾਰ ਨੇ ਕਿਹਾ ਕਿ ਮਨਦੀਪ ਤੇ ਉਸ ਵਰਗੇ ਹੋਰ ਅਨੇਕ ਪੰਜਾਬੀ ਨੌਜਵਾਨਾਂ ਨੂੰ ਜ਼ਬਰਦਸਤੀ ਰੂਸੀ ਫ਼ੌਜ ’ਚ ਭਰਤੀ ਕਰ ਕੇ ਯੂਕਰੇਨ ਭੇਜਿਆ ਜਾ ਰਿਹਾ ਹੈ। ਗੁਰਾਇਆ ਦੇ ਇਸ ਦੁਖੀ ਪ੍ਰਵਾਰ ਨੇ ਭਾਰਤ ਸਰਕਾਰ ਤੋਂ ਵੀ ਮਦਦ ਮੰਗੀ ਹੈ।