ਪੰਜਾਬੀਆਂ ਦੇ ਮੁੱਦੇ ਨੂੰ ਲੈ ਕੇ ਲੋਕ ਸਭਾ ‘ਚ ਪਹਿਲੀ ਵਾਰ ਬੋਲੇ MP ਮੀਤ ਹੇਅਰ

ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ ਆਪਣਾ ਪਹਿਲਾ ਭਾਸ਼ਣ ਦਿੰਦਿਆਂ ਪੰਜਾਬੀਆਂ ਦੇ ਮੁੱਦੇ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਮੀਤ ਹੇਅਰ ਨੇ ਆਪਣੀ ਸਪੀਚ ਦੀ ਸ਼ੁਰੂਆਤ ਸੰਗਰੂਰ ਦੇ ਲੋਕਾਂ ਦੇ ਧੰਨਵਾਦ ਨਾਲ ਕੀਤੀ। ਮੀਤ ਹੇਅਰ ਨੇ ਰਾਸ਼ਟਰਪਤੀ ਸੰਬੋਧਨ ਉੱਤੇ ਬਹਿਸ ਵਿੱਚ ਹਿੱਸਾ ਲੈੰਦਿਆਂ ਸੰਬੋਧਨ ਵਿੱਚ ਪੰਜਾਬ ਦਾ ਨਾਮ ਵੀ ਜ਼ਿਕਰ ਨਾ ਹੋਣ ਉੱਤੇ ਖੇਦ ਪ੍ਰਗਟਾਇਆ। ਸਾਂਸਦ ਮੀਤ ਹੇਅਰ ਨੇ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ 80 ਫੀਸਦੀ ਕੁਰਬਾਨੀਆਂ ਤੋਂ ਲੈ ਕੇ ਵੰਡ ਦਾ ਸੰਤਾਪ ਭੋਗਣ, ਕਿਸਾਨਾਂ ਵੱਲੋਂ ਦੇਸ਼ ਦੇ ਅੰਨ ਭੰਡਾਰ ਭਰਨ, ਬਾਰਡਰਾਂ ਉੱਤੇ ਸੈਨਿਕਾਂ ਵੱਲੋਂ ਸ਼ਹੀਦੀ ਪਾਉਣ ਅਤੇ ਖੇਡਾਂ ਖਾਸ ਕਰਕੇ ਓਲੰਪਿਕਸ ਵਿੱਚ ਪੰਜਾਬੀਆਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਮੀਤ ਹੇਅਰ ਨੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਅਰਸ਼ਦੀਪ ਸਿੰਘ ਤੱਕ ਜ਼ਿਕਰ ਕੀਤਾ। ਮੀਤ ਹੇਅਰ ਨੇ ਕਿਹਾ ਕਿ ਯੁੱਧ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ ‘ਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜੇ ਟੀ20 ਵਰਲਡ ਕੱਪ ਜਿੱਤਿਆ ਤਾਂ ਓਹਦੇ ’ਚ ਵੀ ਸਭ ਤੋਂ ਵੱਧ ਵਿਕਟਾਂ ਪੰਜਾਬ ਦੇ ਗੱਭਰੂ ਅਰਸ਼ਦੀਪ ਸਿੰਘ ਨੇ ਲਈਆਂ। ਅੱਜ ਜਿੰਨੀਆਂ ਵੱਡੀਆਂ ਟੀਮਾਂ ਨੇ, ਓਹਦੇ ਕੈਪਟਨ ਪੰਜਾਬੀ ਨੇ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਪੰਜਾਬਣ ਕੁੜੀ ਹਰਮਨਪ੍ਰੀਤ ਕੌਰ ਹੈ। ਜ਼ਿੰਬਾਬਵੇ ਜਾ ਰਹੀ ਭਾਰਤੀ ਕ੍ਰਿਕਟ ਟੀਮ ਦਾ ਕੈਪਟਨ ਸ਼ੁਭਮਨ ਗਿੱਲ। ਮੁੰਡਿਆਂ ਦੀ ਭਾਰਤੀ ਫੁਟਬਾਲ ਟੀਮ ਦਾ ਕੈਪਟਨ ਗੁਰਪ੍ਰੀਤ ਸੰਧੂ ਵੀ ਪੰਜਾਬੀ ਹੈ। ਮੀਤ ਹੇਅਰ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੇ ਨਾਲ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਵੀ ਜ਼ਿਕਰ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਗਨੀਵੀਰ ਸਕੀਮ ਦੇ ਪਹਿਲੇ ਸ਼ਹੀਦ ਪੰਜਾਬੀ ਅੰਮ੍ਰਿਤਪਾਲ ਸਿੰਘ ਸਨ, ਜਿਨ੍ਹਾਂ ਨੂੰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਕਰੋੜ ਰੁਪਏ ਦੀ ਸਹਾਇਤਾ ਦਿਤੀ ਸੀ। ਉਨ੍ਹਾਂ ਨੇ ਪੰਜਾਬ ਦੇ RDF ਸਮੇਤ 8,000 ਕਰੋੜ ਰੁਪਏ ਦੇ ਰੋਕੇ ਹੋਏ ਫੰਡ ਜਾਰੀ ਕਰਨ ਦੀ ਮੰਗ ਕੀਤੀ। ਮੀਤ ਹੇਅਰ ਨੇ ਮੁਲਾਜ਼ਮਾਂ ਦੇ ਹੱਕ ’ਚ ਗੱਲ ਕੀਤੀ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ। ਸਾਂਸਦ ਮੀਤ ਹੇਅਰ ਨੇ ਅੱਗ ਕਿਹਾ ਕਿ ਪੰਜਾਬੀ ਸਵੈਮਾਣ ਵਾਲੀ ਕੌਮ ਹੈ। ਉਹ ਭੀਖ ਨਹੀਂ ਮੰਗਦੇ ਪਰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ। ਸਾਡੇ ਕਿਸਾਨਾਂ ਨੂੰ ਹਰਿਆਣਾ ਤੋਂ ਅੱਗੇ ਨਹੀ ਜਾਣ ਦਿੱਤਾ। ਨਾਲ ਹੀ ਮੀਤ ਹੇਅਰ ਨੇ ਕੇਂਦਰੀ ਏਜੰਸੀਆਂ ਰਾਹੀਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਹੇਮੰਤ ਸੋਰੇਨ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਪਰੇਸ਼ਾਨ ਕਰਨ ਦਾ ਮੁੱਦਾ ਵੀ ਉਠਾਇਆ।

Leave a Reply

Your email address will not be published. Required fields are marked *