ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਸਦ ਵਿੱਚ ਮੂਸੇਵਾਲਾ ਕਤਲ ਕਾਂਡ ਦਾ ਮੁੱਦਾ ਚੁੱਕਣ ਲਈ ਧੰਨਵਾਦ ਕੀਤਾ ਹੈ । ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਨੂੰ ਇਨਸਾਫ਼ ਜ਼ਰੂਰ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਮਨ ਨੂੰ ਇਸ ਨਾਲ ਸ਼ਾਂਤੀ ਮਿਲੀ ਹੈ ਕਿ ਘੱਟੋਂ-ਘੱਟ ਕਿਸੇ ਨੇ ਗੱਲ ਤਾਂ ਕੀਤੀ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਸਦ ਵਿੱਚ ਸਿੱਧੂ ਮੂਸੇਵਾਲਾ ਦਾ ਮੁੱਦਾ ਚੁੱਕਿਆ ਸੀ । ਰਾਜ ਵੜਿੰਗ ਨੇ ਸਿੱਧੂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਅੱਜ ਤੱਕ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ। ਸਿੱਧੂ ਮੂਸੇਵਾਲਾ ਇੱਕ ਮਸ਼ਹੂਰ ਕਲਾਕਾਰ ਸੀ, ਦੁਨੀਆ ਭਰ ਵਿੱਚ ਉਸਦਾ ਨਾਮ ਸੀ। ਚਾਹੇ ਤਾਮਿਲਨਾਡੂ ਹੋਵੇ, ਚਾਹੇ ਮਹਾਰਾਸ਼ਟਰ ਤੇ ਚਾਹੇ ਨਿਊਯਾਰਕ ਹੋਵੇ ਉਸਦੇ ਗਾਣਿਆਂ ‘ਤੇ ਦੁਨੀਆ ਝੂਮ ਉੱਠਦੀ ਸੀ। ਟਾਈਮਜ਼ ਸਕੁਏਅਰ ਵਿੱਚ ਹਰ ਤੀਜੇ ਦਿਨ ਸਿੱਧੂ ਮੂਸੇਵਾਲਾ ਦਾ ਗਾਣਾ ਵੱਜਦਾ ਹੈ। ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਹਿੰਦੁਸਤਾਨ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਤੁਸੀਂ ਕਹਿੰਦੇ ਹੋ ਕਿ ਚਿੰਤਾ ਨਾ ਕਰੋ। 28 ਸਾਲ ਦੇ ਨੌਜਵਾਨ ਨੂੰ ਦਿਨ-ਦਿਹਾੜੇ 10 ਗੋਲੀਆਂ ਮਾਰ ਦਿੱਤੀਆਂ ਗਈਆਂ। ਇੱਕ ਵੱਡੇ ਬਦਮਾਸ਼ ਨੇ ਮੂਸੇਵਾਲਾ ਨੂੰ ਮਰਵਾ ਕੇ ਕਿਹਾ ਕਿ ਮੈਂ ਮਰਵਾਇਆ ਹੈ। ਸਿੱਧੂ ਮੂਸੇਵਾਲਾ ਨੂੰ ਇਨਸਾਫ ਕਦੋਂ ਮਿਲੇਗਾ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤ ਸੀ। ਵਿਆਹ ਵਿੱਚ ਸਿਹਰੇ ਬੰਨ੍ਹੇ ਜਾਂਦੇ ਹਨ, ਪਰ ਉਸਦੀ ਮਾਂ ਨੇ ਉਸਦੀ ਮੌਤ ‘ਤੇ ਸਿਹਰਾ ਬੰਨ੍ਹ ਕੇ ਵਿਦਾਈ ਦਿੱਤੀ।