ਫ਼ਿਰੋਜ਼ਪੁਰ ‘ਚ BSF ਨੇ ਫੜਿਆ ਪਾਕਿ ਨਾਗਰਿਕ, ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਹੋਇਆ ਸੀ ਦਾਖ਼ਲ

ਫਿਰੋਜ਼ਪੁਰ ਬਾਰਡਰ ਰੇਂਜ ਅਧੀਨ ਪੈਂਦੇ ਪਿੰਡ ਪੱਲਾ ਮੇਘਾ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖਲ ਹੁੰਦੇ ਦੇਖਿਆ ਗਿਆ, ਜਿਸ ਤੋਂ ਬਾਅਦ BSF ਦੇ ਜਵਾਨਾਂ ਨੇ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਜਾਣ ਤੋਂ ਪਹਿਲਾਂ ਮੁਲਜ਼ਮ ਨੇ ਪਾਕਿਸਤਾਨ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ BSF ਦੇ ਜਵਾਨਾਂ ਨੇ ਉਸ ਨੂੰ ਫੜ ਲਿਆ। ਪੁੱਛਗਿੱਛ ‘ਤੇ ਫੜਿਆ ਗਿਆ ਵਿਅਕਤੀ ਪਾਕਿਸਤਾਨੀ ਨਾਗਰਿਕ ਪਾਇਆ ਗਿਆ। ਫੜਿਆ ਗਿਆ ਵਿਅਕਤੀ ਕਿਸ਼ੋਰ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੱਲਾ ਮੇਘਾ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੇ ਉਸ ਦੇ ਇਰਾਦੇ ਦਾ ਪਤਾ ਲਗਾਉਣ ਲਈ BSF ਅਤੇ ਹੋਰ ਏਜੰਸੀਆਂ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫੜੇ ਗਏ ਪਾਕਿਸਤਾਨੀ ਨੌਜਵਾਨ ਕੋਲੋਂ 363 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। BSF 116 ਬਟਾਲੀਅਨ ਦੇ ਕਮਾਂਡਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਾਕਿਸਤਾਨੀ ਨੌਜਵਾਨ ਨੂੰ ਫ਼ਿਰੋਜ਼ਪੁਰ ਸਦਰ ਪੁਲਿਸ ਹਵਾਲੇ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਭਾਰਤੀ ਸਰਹੱਦ ‘ਤੇ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਗਤੀਵਿਧੀਆਂ ਲਗਾਤਾਰ ਵਧੀਆਂ ਹਨ। ਹਰ ਰੋਜ਼ ਫਿਰੋਜ਼ਪੁਰ ਬਾਰਡਰ ਰੇਂਜ ਤੋਂ ਹੈਰੋਇਨ ਅਤੇ ਹਥਿਆਰ ਬਰਾਮਦ ਹੋ ਰਹੇ ਹਨ, ਜੋ BSF ਦੇ ਨਾਲ-ਨਾਲ ਭਾਰਤੀ ਸੁਰੱਖਿਆ ਏਜੰਸੀਆਂ ਲਈ ਵੀ ਚਿੰਤਾ ਦਾ ਵਿਸ਼ਾ ਹੈ।

Leave a Reply

Your email address will not be published. Required fields are marked *