ਮਾਨਸਾ ਅਦਾਲਤ ‘ਚ ਹੋਈ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਸੁਣਵਾਈ, ਅੱਜ ਵੀ ਅਦਾਲਤ ‘ਚ ਨਹੀਂ ਪਹੁੰਚਿਆ ਕੋਈ ਗਵਾਹ

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਅੱਜ ਮਾਨਸਾ ਦੀ ਅਦਾਲਤ ’ਚ ਸੁਣਵਾਈ ਹੋਈ ਹੈ। 2 ਮਹੀਨੇ ਪਹਿਲਾਂ ਮਾਨਸਾ ਦੀ ਅਦਾਲਤ ਨੇ ਵੱਡਾ ਫ਼ੈਸਲਾ ਲੈਂਦਿਆਂ 27 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਸਨ। ਇਸ ਦੌਰਾਨ ਦੋ ਗਵਾਹਾਂ ਨੇ ਪੇਸ਼ ਹੋਣਾ ਸੀ ਪਰ ਉਹ ਕਿਸੇ ਕਾਰਨ ਅਦਾਲਤ ’ਚ ਪੇਸ਼ ਨਹੀਂ ਹੋ ਸਕੇ। ਇਸ ਦੇ ਚੱਲਦਿਆਂ ਅਦਾਲਤ ਨੇ ਅਗਲੀ ਸੁਣਵਾਈ 26 ਜੁਲਾਈ ਨੂੰ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਵੀ ਪਿਛਲੀ ਸੁਣਵਾਈ ਦੌਰਾਨ ਕੋਈ ਗਵਾਹ ਪੇਸ਼ ਨਹੀਂ ਹੋਇਆ ਸੀ ਅਤੇ ਅੱਜ ਵੀ ਕੋਈ ਗਵਾਹ ਪੇਸ਼ ਨਹੀਂ ਹੋਇਆ। ਅੱਜ ਵੀ ਗਵਾਹੀ ਨੂੰ ਲੈ ਕੇ ਪੇਸ਼ੀ ਸੀ, ਜਿਸ ਵਿੱਚ ਦੋ ਗਵਾਹਾਂ ਨੇ ਪੇਸ਼ ਹੋਣਾ ਸੀ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਜ਼ਿਲ੍ਹਾ ਅਦਾਲਤ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅਗਲੀ ਤਰੀਕ ‘ਤੇ ਗਵਾਹ ਵਜੋਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਗਵਾਹ ਵਜੋਂ ਪੇਸ਼ ਲਈ ਸਿੱਧੂ ਮੂਸੇਵਾਲਾ ਦੇ ਵਕੀਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਘਟਨਾ ਸਮੇਂ ਸਿੱਧੂ ਮੂਸੇਵਾਲਾ ਦੇ ਨਾਲ ਕਾਰ ਵਿੱਚ ਮੌਜੂਦ ਸਨ। ਕਾਬਿਲੇਗ਼ੌਰ ਹੈ ਕਿ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 2 ਦੋਸਤਾਂ ਨਾਲ ਥਾਰ ਜੀਪ ਵਿੱਚ ਜਾਂਦੇ ਸਮੇਂ ਪੰਜਾਬ-ਹਰਿਆਣਾ ਦੇ 6 ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸੀ। ਇਸ ਹਮਲੇ ਦਾ ਦੋਸ਼ੀ ਗੋਲਡੀ ਬਰਾੜ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ।

Leave a Reply

Your email address will not be published. Required fields are marked *