ਗੁਜਰਾਤ ਦੇ ਸੂਰਤ ’ਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਸੂਰਤ ਨਗਰ ਨਿਗਮ ਅਧੀਨ ਪੈਂਦੇ ਪਿੰਡ ਪਾਲੀ ਵਿਚ ਇਹ ਪੰਜ ਮੰਜ਼ਿਲਾ ਇਮਾਰਤ ਢਹਿ ਗਈ। ਇਸ ਵਿਚ ਕਈ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਜਿਤਾਇਆ ਜਾ ਰਿਹਾ ਹੈ। ਇਹ ਪੰਜ ਮੰਜ਼ਿਲਾ ਇਮਾਰਤ 2017 ਵਿਚ ਬਣਾਈ ਗਈ ਸੀ। ਇਸ ਇਮਾਰਤ ’ਚ ਰਹਿੰਦੇ ਜ਼ਿਆਦਾਤਰ ਪਰਿਵਾਰ ਕਿਰਾਏ ‘ਤੇ ਰਹਿੰਦੇ ਸਨ ਅਤੇ ਪੇਸ਼ੇਵਰ ਮਜ਼ਦੂਰ ਸਨ। ਇਸ ਦੇ ਅੰਦਰ ਕਿੰਨੇ ਪਰਿਵਾਰ ਦੱਬੇ ਹੋਏ ਹਨ, ਇਸ ਬਾਰੇ ਅਧਿਕਾਰਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਸੂਰਤ ਫਾਇਰ ਵਿਭਾਗ ਦੀ ਟੀਮ, ਪੁਲਿਸ ਅਤੇ ਐਨਡੀਆਰਐਫ ਦੀ ਟੀਮ ਇਸ ਰਾਹਤ ਅਤੇ ਬਚਾਅ ਕਾਰਜ ’ਚ ਲੱਗੀ ਹੋਈ ਹੈ। ਸੂਰਤ ਦੇ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ, ਸੂਰਤ ਨਗਰ ਨਿਗਮ ਦੇ ਮੇਅਰ ਦਕਸ਼ੇਸ਼ ਮਾਵਾਨੀ, ਡਿਪਟੀ ਮੇਅਰ ਨਰਿੰਦਰ ਪਾਟਿਲ, ਭਾਜਪਾ ਵਿਧਾਇਕ ਸੰਦੀਪ ਦੇਸਾਈ ਅਤੇ ਵਿਰੋਧੀ ਧਿਰ ਦੀ ਨੇਤਾ ਪਾਇਲ ਸਾਕਾਰੀਆ ਵੀ ਮੌਕੇ ‘ਤੇ ਪਹੁੰਚ ਗਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ, ਪਰ ਅਧਿਕਾਰਤ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕਿੰਨੇ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਇਮਾਰਤ ਦੇ ਮਲਬੇ ‘ਚੋਂ ਇਕ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਅਜੇ ਵੀ ਇਹ ਕਹਿਣਾ ਮੁਸ਼ਕਿਲ ਹੈ ਕਿ ਕਿੰਨੇ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। 32 ਫਲੈਟਾਂ ਵਾਲੀ ਪੰਜ ਮੰਜ਼ਿਲਾ ਇਮਾਰਤ ਵਿੱਚ ਕਈ ਪਰਿਵਾਰ ਕਿਰਾਏਦਾਰ ਸਨ। ਇਸ ਮੌਕੇ ਸੂਰਤ ਦੇ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਕਿਹਾ ਕਿ ਪੁਲਿਸ ਨੂੰ ਇਮਾਰਤ ਡਿੱਗਣ ਦੇ 5 ਮਿੰਟ ਬਾਅਦ ਸੂਚਨਾ ਮਿਲੀ। ਉੱਚ ਅਧਿਕਾਰੀ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਇਹ 30 ਫਲੈਟਾਂ ਦੀ ਸਕੀਮ ਸੀ। ਇਸ ਵਿੱਚ 5 ਤੋਂ 6 ਪਰਿਵਾਰ ਰਹਿੰਦੇ ਸਨ। ਵੱਖ-ਵੱਖ ਥਾਵਾਂ ‘ਤੇ ਕੰਮ ਕਰਨ ਵਾਲੇ ਹੋਰ ਮਜ਼ਦੂਰ ਵੀ ਉੱਥੇ ਰਹਿੰਦੇ ਸਨ। ਫਾਇਰ ਬ੍ਰਿਗੇਡ ਦੀ ਟੀਮ ਨੇ ਮਲਬੇ ਵਿੱਚੋਂ ਇੱਕ ਔਰਤ ਨੂੰ ਬਾਹਰ ਕੱਢ ਲਿਆ ਹੈ। ਚੌਕੀਦਾਰ ਦਾ ਕਹਿਣਾ ਹੈ ਕਿ ਇਮਾਰਤ ’ਚ 5-6 ਲੋਕ ਸਨ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਜਾਂਚ ’ਚ ਜੋ ਵੀ ਲਾਪਰਵਾਹੀ ਪਾਈ ਗਈ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।