ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਵੋਟਰਾਂ, ਜੋ ਕਿ ਦੁਕਾਨਾਂ ਅਤੇ ਵਪਾਰਕ ਅਦਾਰਿਆਂ ‘ਚ ਕੰਮ ਕਰਦੇ ਹਨ ਅਤੇ ਫੈਕਟਰੀਆਂ ਦੇ ਕਾਮੇ ਹਨ, ਨੂੰ ਜ਼ਿਮਨੀ ਚੋਣ ਦੇ ਮੱਦੇਨਜ਼ਰ ਭਲਕੇ 10 ਜੁਲਾਈ 2024 (ਬੁੱਧਵਾਰ) ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਇਨ੍ਹਾਂ ਨੋਟੀਫਿਕੇਸ਼ਨਾਂ ਮੁਤਾਬਕ ਪੰਜਾਬ ਦੇ ਰਾਜਪਾਲ ਵੱਲੋਂ 34-ਜਲੰਧਰ ਪੱਛਮੀ (ਐੱਸ.ਸੀ.) ਹਲਕੇ ਦੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਵੋਟਰਾਂ ਲਈ 10-07-2024 (ਬੁੱਧਵਾਰ) ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਬਸ਼ਰਤੇ ਕਿ ਇਹ ਛੁੱਟੀ 07 ਜੁਲਾਈ 2024 ਤੋਂ 13 ਜੁਲਾਈ 2024 ਦਰਮਿਆਨ ਆਉਣ ਵਾਲੀ ਛੁੱਟੀ ਦੇ ਇਵਜ਼ ਵਿੱਚ ਹੋਵੇਗੀ। ਸਰਕਾਰ ਨੇ 34-ਜਲੰਧਰ ਪੱਛਮੀ (ਐਸ.ਸੀ.) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ 10 ਜੁਲਾਈ, 2024 (ਬੁੱਧਵਾਰ) ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ-1881 ਤਹਿਤ 34-ਜਲੰਧਰ ਪੱਛਮੀ (ਐਸ.ਸੀ.) ਹਲਕੇ ਦੇ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿਦਿਅਕ ਸੰਸਥਾਵਾਂ ਲਈ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ 34 – ਜਲੰਧਰ ਪੱਛਮੀ (ਐਸਸੀ) ਵਿਧਾਨ ਸਭਾ ਹਲਕੇ ਦਾ ਵੋਟਰ ਹੈ ਅਤੇ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਸਰਕਾਰੀ ਵਿਦਿਅਕ ਅਦਾਰਿਆਂ ’ਚ ਕੰਮ ਕਰ ਰਿਹਾ ਹੈ ਤਾਂ ਉਹ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਪਛਾਣ ਪੱਤਰ ਦਿਖਾ ਕੇ 10 ਜੁਲਾਈ, 2024 ਨੂੰ ਇਸ ਵਿਸ਼ੇਸ਼ ਛੁੱਟੀ ਦਾ ਲਾਭ ਲੈਣ ਦੇ ਯੋਗ ਹੋਵੇਗਾ। ਇਹ ਛੁੱਟੀ ਅਧਿਕਾਰੀ/ਕਰਮਚਾਰੀ ਦੇ ਛੁੱਟੀ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ। ਜ਼ਿਕਰਯੋਗ ਹੈ ਕਿ ਲੋਕ ਨੁਮਾਇੰਦਗੀ ਐਕਟ, 1951 ਦੀ ਧਾਰਾ 135 ਬੀ(1) ਦੇ ਉਪਬੰਧ ਅਨੁਸਾਰ, 10 ਜੁਲਾਈ 2024 (ਬੁੱਧਵਾਰ) ਨੂੰ ਜਲੰਧਰ ਪੱਛਮੀ (ਐਸਸੀ) ਵਿਧਾਨ ਸਭਾ ਹਲਕੇ ਦੇ ਕਿਸੇ ਵੀ ਕਾਰੋਬਾਰ, ਵਪਾਰ, ਉਦਯੋਗਿਕ ਉੱਦਮ ਜਾਂ ਕਿਸੇ ਵੀ ਕੰਮ ਵਿੱਚ ਨਿਯੁਕਤ ਸਾਰੇ ਵਿਅਕਤੀਆਂ ਨੂੰ ਵੋਟ ਪਾਉਣ ਲਈ ਇੱਕ ਅਦਾਇਗੀ ਛੁੱਟੀ ਘੋਸ਼ਿਤ ਕੀਤੀ ਗਈ ਹੈ।