ਪੰਜਾਬੀ ਲੋਕ ਗਾਇਕ ਦਲਵੀਰ ਸ਼ੌਂਕੀ ਦੀ ਸੜਕ ਹਾਦਸੇ ‘ਚ ਮੌਤ, ਪ੍ਰੋਗਰਾਮ ਤੋਂ ਪਰਤਦਿਆਂ ਵਾਪਰਿਆ ਹਾਦਸਾ

ਪੰਜਾਬੀ ਸੰਗੀਤ ਜਗਤ ਤੋਂ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬੀ ਗਾਇਕ ਦਲਵੀਰ ਸ਼ੋਂਕੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਗਾਇਕ ਦਲਵੀਰ ਸ਼ੌਂਕੀ ਦੀ ਕਾਰ ਕਿਸ਼ਨਗੜ੍ਹ-ਕਰਤਾਰਪੁਰ ਲਿੰਕ ਰੋਡ ‘ਤੇ ਅੱਡਾ ਨੌਗਜਾ ਨੇੜੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਭੁਲੱਥ ਨੇੜੇ ਇੱਕ ਪ੍ਰੋਗਰਾਮ ਤੋਂ ਆਪਣੀ ਕਾਰ ਵਿੱਚ ਪਿੰਡ ਵਾਪਸ ਪਰਤ ਰਹੇ ਸਨ, ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਹਲਕਾ ਬੇਗੋਵਾਲ ਦੇ ਪਿੰਡ ਅਕਬਰਪੁਰ ‘ਚ ਇਕ ਸੱਭਿਆਚਾਰਕ ਪ੍ਰੋਗਰਾਮ ਸੀ ਜਿਸ ਵਿਚ ਸ਼ੌਂਕੀ ਨੇ ਉਹਨਾਂ ਦੇ ਨਾਲ ਸ਼ਿਰਕਤ ਕੀਤੀ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਤੜਕਸਾਰ ਜਦੋਂ ਆਪਣੇ ਪਿੰਡ ਨੌਗੱਜਾ ਕਲੋਨੀ ਵਿਖੇ ਆ ਰਿਹਾ ਸੀ ਤਾਂ ਰਸਤੇ ‘ਚ ਉਸ ਦੀ ਕਾਰ ਬੇਕਾਬੂ ਹੋ ਕੇ ਇਕ ਦਰੱਖ਼ਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਸ਼ੌਂਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 194 ਬੀਐਨਐਸਐਸ ਤਹਿਤ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਜਲੰਧਰ ਦੇ ਸਿਵਿਲ ਹਸਪਤਾਲ ਵਿਖੇ ਭੇਜ ਦਿੱਤੀ ਗਈ। ਪੋਸਟਮਾਰਟਮ ਤੋਂ ਬਾਅਦ ਪੰਜਾਬੀ ਲੋਕ ਗਾਇਕ ਦਲਵੀਰ ਸ਼ੌਂਕੀ ਦਾ ਰੀਤੀ ਰਸਮਾਂ ਅਨੁਸਾਰ ਸਸਕਾਰ ਕੀਤਾ ਗਿਆ। ਪੰਜਾਬੀ ਲੋਕ ਗਾਇਕ ਦਲਵੀਰ ਸ਼ੌਂਕੀ ਦੀ ਸੜਕ ਹਾਦਸੇ ‘ਚ ਹੋਈ ਅਚਾਨਕ ਮੌਤ ਕਾਰਨ ਘਰ ਪਰਿਵਾਰ ਵਿੱਚ ਮਾਤਮ ਛਾ ਗਿਆ ਤੇ ਇਲਾਕੇ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ, ਪ੍ਰਸਿੱਧ ਐਂਕਰ ਬਲਦੇਵ ਰਾਹੀ, ਮਨੋਹਰ ਸਿੰਘ ਧਾਰੀਵਾਲ, ਭੁਪਿੰਦਰ ਸਿੰਘ ਮੰਨਣ ਤੋਂ ਇਲਾਵਾ ਸੀਨੀਅਰ ਪੱਤਰਕਾਰ ਸੰਦੀਪ ਵਿਰਦੀ, ਭਜਨ ਸਿੰਘ ਧੀਰਪੁਰ, ਜਸਵਿੰਦਰ ਬੱਲ, ਸੁਰਜੀਤ ਪਾਲ, ਵਰਿੰਦਰ ਲਵਲੀ , ਹੁਸਨ ਲਾਲ, ਬੀਰ ਚੰਦ ਸਰੀਲਾ, ਮਦਨ ਬੰਗੜ, ਸੁਖਵਿੰਦਰ ਵਿਰਦੀ ਆਦਿ ਵੱਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।

Leave a Reply

Your email address will not be published. Required fields are marked *