ਫਾਜ਼ਿਲਕਾ ‘ਚ ਭਾਰਤ-ਪਾਕਿ ਸਰਹੱਦ ਨੇੜਿਓਂ ਫੜਿਆ ਗਿਆ ਇੱਕ ਸ਼ੱਕੀ ਵਿਅਕਤੀ, BSF ਨੇ ਕੀਤਾ ਪੁਲਿਸ ਹਵਾਲੇ

ਫਾਜ਼ਿਲਕਾ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਇਕ ਵਿਅਕਤੀ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਸ਼ੱਕੀ ਹਾਲਾਤਾਂ ‘ਚ ਕਾਬੂ ਕੀਤਾ ਹੈ। ਜਿਸ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਯੂਪੀ ਦੇ ਸ਼ਾਮਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ,ਜੋ ਝੋਨੇ ਦੀ ਲੁਆਈ ਲਈ ਇਧਰ ਆਇਆ ਸੀ ਅਤੇ ਉਸ ਨੂੰ ਬੀਐੱਸਐੱਫ ਨੇ ਸ਼ੱਕੀ ਹਾਲਾਤਾਂ ‘ਚ ਫੜ ਲਿਆ। ਜਾਣਕਾਰੀ ਦਿੰਦਿਆਂ ਬੀਐਸਐਫ ਦੀ 55 ਬਟਾਲੀਅਨ ਦੇ ਕਮਾਂਡੈਂਟ ਕੇ. ਐੱਨ ਤ੍ਰਿਪਾਠੀ ਨੇ ਦੱਸਿਆ ਕਿ ਬੀਤੀ ਰਾਤ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਬਾਓਪੀ ਖਾਨਪੁਰ ਦੀ ਅੰਤਰਰਾਸ਼ਟਰੀ ਕੰਡਿਆਲੀ ਤਾਰ ਨੇੜਿਓਂ ਇਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ ‘ਚ ਫੜਿਆ ਗਿਆ ਹੈ। ਫੜਿਆ ਗਿਆ ਵਿਅਕਤੀ ਆਪਣਾ ਨਾਂ ਸਾਜਿਦ ਅਲੀ ਪੁੱਤਰ ਆਲਮਦੀਨ ਨਿਵਾਸੀ ਖੁਰਗਾਨ, ਜ਼ਿਲ੍ਹਾ ਸ਼ਾਮਲੀ ਯੂਪੀ ਦਾ ਰਹਿਣ ਵਾਲਾ ਦੱਸ ਰਿਹਾ ਹੈ। ਮੁਲਜ਼ਮ ਦਾ ਕਹਿਣਾ ਹੈ ਕਿ ਉਹ ਇੱਥੇ ਝੋਨਾ ਲਾਉਣ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੇ ਇੱਕ ਗਰੁੱਪ ਵਿੱਚ ਆਇਆ ਸੀ, ਜਿਸ ਬਾਰੇ ਬੀਐਸਐਫ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਰਾਤ ਨੂੰ ਇੱਥੇ ਕੀ ਕਰ ਰਿਹਾ ਸੀ ਜਦਕਿ ਬੀਐਸਐਫ ਅਧਿਕਾਰੀ ਅਨੁਸਾਰ ਫੜੇ ਗਏ ਵਿਅਕਤੀ ਨੂੰ ਥਾਣਾ ਖੁਈਖੇੜਾ ਦੀ ਪੁਲਿਸ ਹਵਾਲੇ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਅਗਲੇਰੀ ਕਾਨੂੰਨੀ ਕਾਰਵਾਈ ਕਰੇਗੀ।

Leave a Reply

Your email address will not be published. Required fields are marked *