ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਦੇ ਭਰਾ ਹਰਪ੍ਰੀਤ ਸਿੰਘ (Harpreet Singh) ਨੂੰ ਜਲੰਧਰ ਦਿਹਾਤੀ ਪੁਲਿਸ (Punjab Police) ਨੇ ਆਈਸ ਡਰੱਗ (Ice Drug) ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਹੈ ਅਤੇ ਇਸ ਮਾਮਲੇ ਵਿਚ ਉਸ ਦੇ 2 ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਖ਼ਬਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਦਾ ਡੋਪ ਟੈਸਟ ਵੀ ਪਾਜ਼ੇਟਿਵ ਆਇਆ ਹੈ। ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਇਸ ਗ੍ਰਿਫ਼ਤਾਰੀ ਦੌਰਾਨ ਪੰਜਾਬ ਪੁਲਿਸ ਨੇ ਹੋਰ ਕੀ ਕੁੱਝ ਬਰਾਮਦ ਕੀਤਾ ਹੈ, ਇਸ ਬਾਰੇ ਵੀ ਸਭ ਕੁੱਝ ਸਾਫ਼ ਕਰ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੋਂ ਆਈਸ ਡਰੱਗ ਦੇ ਨਾਲ ਨਾਲ ਇੱਕ ਗੈਸ ਲਾਈਟਰ ਅਤੇ ਇੱਕ ਸਿਲਵਰ ਪੇਪਰ ਵੀ ਬਰਾਮਦ ਹੋਇਆ ਹੈ ,ਸਿਲਵਰ ਪੇਪਰ ਡਰੱਗ ਲੈਣ ਦੇ ਕੰਮ ਆਉਂਦਾ ਹੈ। ਡਰੱਗ ਨੂੰ ਸਿਲਵਰ ਪੇਪਰ ‘ਤੇ ਰੱਖ ਕੇ ਉਸ ਹੇਠਾਂ ਗੈਸ ਲਾਈਟਰ ਨਾਲ ਅੱਗ ਵਾਲ ਕੇ ਡਰੱਗ ‘ਚੋਂ ਨਿਕਲਣ ਵਾਲੇ ਧੂੰਏਂ ਨੂੰ ਸੁੰਘਣ ਨਾਲ ਨਸ਼ਾ ਹੁੰਦਾ ਹੈ। ਇਸ ਨੂੰ ਲੈ ਕੇ ਜਲੰਧਰ ਦੇ SSP ਅੰਕੁਰ ਗੁਪਤਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੁੱਲ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾ ਦੇ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲਿੰਗ ਦੌਰਾਨ ਪੁਲਿਸ ਨੂੰ ਫ਼ਿਲੌਰ ਵਿਚ ਨੈਸ਼ਨਲ ਹਾਈਵੇਅ ਦੀ ਸਾਈਡ ‘ਤੇ ਲੱਗੀ ਇਕ ਸ਼ੱਕੀ ਗੱਡੀ ਮਿਲੀ ਸੀ। ਇਸ ਕ੍ਰੇਟਾ ਗੱਡੀ ਦੇ ਸ਼ੀਸ਼ੇ ਵੀ ਕਾਲੇ ਕੀਤੇ ਹੋਏ ਸਨ। ਫਿਰ ਪੁਲਿਸ ਨੂੰ ਸ਼ੱਕ ਪਿਆ ਤਾਂ ਨੇੜੇ ਜਾ ਕੇ ਗੱਡੀ ਦੇ ਸ਼ੀਸ਼ੇ ਹੇਠਾਂ ਕਰਵਾਏ। ਜਦੋਂ ਪੁਲਿਸ ਨੇ ਸ਼ਨਾਖਤ ਕੀਤੀ ਤਾਂ ਪਤਾ ਲੱਗਿਆ ਕਿ ਇਹਨਾਂ ‘ਚੋਂ ਇੱਕ ਅੰਮ੍ਰਿਤਪਾਲ ਸਿੰਘ ਦਾ ਭਰਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸੇ ਸਮੇਂ ਹਿਰਾਸਤ ‘ਚ ਲਿਆ ਅਤੇ ਰਾਤ ਨੂੰ ਹੀ ਮੈਡੀਕਲ ਕਰਵਾਇਆ ਗਿਆ। ਇਸ ਦੌਰਾਨ ਲਵਪ੍ਰੀਤ ਪੁੱਤਰ ਗੁਰਪ੍ਰੀਤ ਵਾਸੀ ਚੀਮਾ ਵਾਰਡ ਥਾਣਾ ਬਿਆਸ ਅਤੇ ਹਰਪ੍ਰੀਤ ਉਰਫ਼ ਹੈਪੀ ਪੁੱਤਰ ਤਰਸੇਮ ਸਿੰਘ ਵਾਸੀ ਜੱਲੂਪੁਰ ਖੇੜਾ ਥਾਣਾ ਖਿਲਜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ, ਵੇਇੰਗ ਸਕੇਲ, ਲਾਈਟਰ ਆਦਿ ਸਾਮਾਨ ਵੀ ਬਰਾਮਦ ਹੋਇਆ। ਗੁਰਪ੍ਰੀਤ ਸਿੰਘ ਕੋਲੋਂ 2 ਫ਼ੋਨ ਬਰਾਮਦ ਕੀਤੇ ਗਏ। ਫੋਨ ਵਿੱਚ ਸੰਦੀਪ ਅਰੋੜਾ ਨਾਮ ਦੇ ਵਿਅਕਤੀ ਨੂੰ ਔਨਲਾਈਨ ਪੇਮੇਂਟ ਕੀਤੀ ਹੋਈ ਸੀ। ਸੰਦੀਪ ਅਰੋੜਾ ਵੀ ਇੱਕ ਤਸਕਰ ਹੈ। ਜਿਸ ਤੋਂ ਬਾਅਦ ਪੁਲਿਸ ਉਸੇ ਸਮੇਂ ਸੰਦੀਪ ਅਰੋੜਾ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਓਧਰ ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ‘ਤੇ ਹੁਣ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਵੀ ਬਿਆਨ ਆਇਆ ਹੈ। ਹਰਪ੍ਰੀਤ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੋ ਆਵਾਜ਼ ਅਸੀਂ ਉਠਾਈ ਹੈ, ਉਸ ਆਵਾਜ਼ ਨੂੰ ਦਬਾਉਣ ਲਈ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਰੋਕਣ ਲਈ ਜੋ ਕੰਮ ਕਰਨ ਦੀ ਲੋੜ ਸੀ, ਉਹ ਕਰਨ ਦੀ ਬਜਾਏ ਪੁਲਿਸ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਦੁਪਹਿਰ 12 ਵਜੇ ਘਰੋਂ ਚਲਾ ਗਿਆ ਸੀ। ਇਸ ਤੋਂ ਬਾਅਦ ਜਦੋਂ ਅਸੀਂ ਕਰੀਬ 2 ਘੰਟੇ ਬਾਅਦ ਫੋਨ ਕੀਤਾ ਤਾਂ ਫੋਨ ਬੰਦ ਸੀ। ਹਰਪ੍ਰੀਤ ਸਿੰਘ ਨੇ ਮੋਗਾ ਬਾਘਾਪੁਰਾਣਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਜਾਣ ਵਾਲੇ ਮਾਰਚ ‘ਚ ਸ਼ਾਮਲ ਹੋਣਾ ਸੀ। ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਇਸ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ।