ਫਗਵਾੜਾ ਦੇ ਰੇਲਵੇ ਸਟੇਸ਼ਨ ਨਜ਼ਦੀਕ ਤੜਕਸਾਰ ਰਾਹਗੀਰਾਂ ਵਲੋਂ ਰੇਲਵੇ ਪੁਲ ਦੀ ਰੇਲਿੰਗ ਨਾਲ ਗਲੇ ਵਿਚ ਫੰਦਾ ਪਾਈ ਇਕ ਨੌਜਵਾਨ ਦੀ ਲਾਸ਼ ਲਟਕਦੀ ਦੇਖੀ ਜਿਸ ਦੀ ਸੂਚਨਾ ਉਨ੍ਹਾਂ ਵਲੋਂ ਤੁਰੰਤ ਰੇਲਵੇ ਪੁਲਿਸ ਨੂੰ ਦਿੱਤੀ ਗਈ ਸੂਚਨਾ ਮਿਲਦੇ ਸਾਰ ਜੀਆਰਪੀ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਰਾਹਗੀਰ ਵਲੋਂ ਸੂਚਨਾ ਦਿਤੀ ਕਿ ਪਲੇਟਫਾਰਮ ਨੰਬਰ ਇੱਕ ਦੇ ਅਖੀਰ ਵਿਚ ਬਣੇ ਰੇਲਵੇ ਪੁਲ ਦੀ ਰੇਲਿੰਗ ਨਾਲ ਕਿਸੇ ਨੌਜਵਾਨ ਵਲੋਂ ਫਾਹਾ ਲਿਆ ਗਿਆ ਜਿਸ ਤੋਂ ਬਾਅਦ ਉਹ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜੇ ਅਤੇ ਰੇਲਿੰਗ ਨਾਲ ਲਟਕਦੀ ਹੋਈ ਲਾਸ਼ ਨੂੰ ਉਤਾਰਿਆ ਗਿਆ। ਅੱਗੇ ਗੱਲਬਾਤ ਕਰਦਿਆਂ ਚੌਂਕੀ ਇੰਚਾਰਜ ਨੇ ਦੱਸਿਆ ਕਿ ਮੌਕੇ ‘ਤੇ ਮ੍ਰਿਤਕ ਕੋਲੋਂ ਇਕ ਕਿੱਟ ਜਿਸ ਵਿਚ ਕੁਝ ਕਪੜੇ ਪਏ ਹੋਏ ਸਨ ਮਿਲੀ ਹੈ ਅਤੇ ਹੋਰ ਕੋਈ ਵੀ ਆਈਡੀ ਪ੍ਰੂਫ਼ ਨਹੀਂ ਮਿਲਿਆ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਖੱਬੀ ਬਾਂਹ ਤੇ ਅੰਗਰੇਜ਼ੀ ਚ ਐੱਚ,ਦੀਪ ਲਿਖਿਆ ਹੋਇਆ ਹੈ ਜਿਸ ਦੇ ਚਲਦਿਆਂ ਮੌਕੇ ਤੇ ਮ੍ਰਿਤਕ ਦੀ ਕੋਈ ਵੀ ਪਛਾਣ ਨਹੀਂ ਹੋ ਸਕੀ । ਉਨ੍ਹਾਂ ਦੱਸਿਆ ਕਿ ਦੇਖਣ ਤੋਂ ਮਾਮਲਾ ਖ਼ੁਦਕਸ਼ੀ ਦਾ ਲਗਦਾ ਹੈ ਪੁਲਿਸ ਵਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਕਰਦੇ ਹੋਏ ਲਾਸ਼ ਨੂੰ 72 ਘੰਟੇ ਵਾਸਤੇ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ।