ਹਿੰਦੂ ਨੇਤਾ ਮਰਹੂਮ ਸੁਧੀਰ ਸੂਰੀ ਦੇ ਦੋ ਬੇਟੇ ਰੰਗਦਾਰੀ ਵਸੂਲਣ ਦੇ ਦੋਸ਼ ’ਚ ਗ੍ਰਿਫਤਾਰ

ਖ਼ਾਲਿਸਤਾਨ ਸਮਰਥਕ ਸੰਦੀਪ ਸਿੰਘ ਦੇ ਹੱਥੋਂ ਗੋਲ਼ੀਆਂ ਲੱਗਣ ਨਾਲ ਮਾਰੇ ਗਏ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋ ਪੁੱਤਰਾਂ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਸੋਮਵਾਰ ਦੁਪਹਿਰ ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ ਦੋਵੇਂ ਭਰਾਵਾਂ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਕਾਰੋਬਾਰੀ ਤੋਂ 6 ਲੱਖ ਰੁਪਏ ਦੀ ਰੰਗਦਾਰੀ ਵਸੂਲ ਕੀਤੀ ਸੀ। ਇੰਨਾ ਹੀ ਨਹੀਂ 26 ਜੂਨ ਨੂੰ ਮੁਲਜ਼ਮਾਂ ਨੇ ਦੀਪ ਕੰਪਲੈਕਸ ਵਿਚ ਉਸ ਦੀ ਦੁਕਾਨ ਵਿਚ ਦਾਖ਼ਲ ਹੋ ਕੇ ਚਾਰ ਲੈਪਟਾਪ ਅਤੇ ਤੀਹ ਮੋਬਾਈਲ ਫੋਨ ਲੁੱਟ ਲਏ ਸਨ। ਘਟਨਾ ਦੇ ਤੁਰੰਤ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ, ਪਰ ਮੁਲਜਮ ਫਰਾਰ ਹੋ ਗਏ ਸੀ। ਫਿਲਹਾਲ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ 5 ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੀਪੀ ਰਣਜੀਤ ਸਿੰਘ, ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਅਤੇ ਏਡੀਸੀਪੀ ਨਵਜੋਤ ਸਿੰਘ ਨੇ ਦੱਸਿਆ ਕਿ ਕਸ਼ਮੀਰ ਐਵੀਨਿਊ ਦੇ ਰਹਿਣ ਵਾਲੇ ਕਮਲਕਾਂਤ ਨੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਦੱਸਿਆ ਸੀ ਕਿ ਕੋਰਟ ਰੋਡ ’ਤੇ ਸਥਿਤ ਦੀਪ ਕੰਪਲੈਕਸ ਵਿਚ ਉਸ ਦੀ ਦੁਕਾਨ ਹੈ। ਉਸ ਦਾ ਲੈਪਟਾਪ ਅਤੇ ਮੋਬਾਈਲ ਦਾ ਕਾਰੋਬਾਰ ਹੈ। ਦੋਵਾਂ ਮੁਲਜ਼ਮਾਂ ਨੇ ਉਸ ਨੂੰ ਧਮਕਾਇਆ ਸੀ ਕਿ ਉਹ ਆਪਣੀ ਦੁਕਾਨ ਦੇ ਅੰਦਰ ਜਾਅਲੀ ਪਤੇ ‘ਤੇ ਸਿਮ ਵੇਚਦਾ ਹੈ। ਇਸ ਤੋਂ ਬਾਅਦ ਦੋਵੇਂ ਭਰਾ ਆਪਣੇ ਤਿੰਨ ਸਾਥੀਆਂ ਸਮੇਤ ਉਕਤ ਦੁਕਾਨ ‘ਤੇ ਗਏ ਅਤੇ ਉਥੇ ਰੱਖੇ ਚਾਰ ਲੈਪਟਾਪ ਅਤੇ ਤੀਹ ਮੋਬਾਈਲ ਫੋਨ ਲੁੱਟ ਲਏ। ਫਿਰ ਕਮਲਕਾਂਤ ਨੂੰ ਇਕ ਸੁੰਨਸਾਨ ਜਗ੍ਹਾ ‘ਤੇ ਬੁਲਾਇਆ ਗਿਆ ਅਤੇ 6 ਲੱਖ ਰੁਪਏ ਦੀ ਰੰਗਦਾਰੀ ਵੀ ਵਸੂਲੀ ਗਈ। ਮੁਲਜ਼ਮਾਂ ਨੇ ਉਸ ਨੂੰ ਧਮਕਾਇਆ ਅਤੇ ਦੱਸਿਆ ਕਿ ਉਨ੍ਹਾਂ ਨੇ ਉਸ ਦੇ ਪੰਦਰਾਂ ਲੱਖ ਰੁਪਏ ਆਪਣੇ ਖਾਤੇ ਵਿਚ ਲਿਖ ਲਏ ਹਨ।ਦੱਸਣਯੋਗ ਹੈ ਕਿ ਮੁਲਜਮ ਪਾਰਸ ਸੂਰੀ ਅਤੇ ਮਾਣਕ ਸੂਰੀ ਦੇ ਪਿਤਾ ਸੁਧੀਰ ਸੂਰੀ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸਨ। ਖਾਲਿਸਤਾਨ ਸਮਰਥਕ ਸੰਦੀਪ ਸਿੰਘ ਨੇ ਸੁਧੀਰ ਸੂਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਸੂਰੀ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਤੀਹ ਤੋਂ ਵੱਧ ਮੁਲਾਜ਼ਮ ਤਾਇਨਾਤ ਹਨ।

Leave a Reply

Your email address will not be published. Required fields are marked *