ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਗਟੋਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਉਸ ਸਮੇਂ ਭਗਦੜ ਮੱਚ ਗਈ, ਜਦੋਂ ਇੱਕ ਵਿਅਕਤੀ ਵੱਲੋਂ ਸਕੂਲ ਦੀ ਅਧਿਆਪਕ ਨੂੰ ਸਾੜਨ ਦੀ ਨੀਅਤ ਨਾਲ ਪੈਟਰੋਲ ਦੀ ਬੋਤਲ ਲੈ ਕੇ ਅੰਦਰ ਆਇਆ। ਇੰਨਾ ਹੀ ਨਹੀਂ ਉਹ ਵਿਅਕਤੀ ਸਰਕਾਰੀ ਸਕੂਲ ਦੇ ਅੰਦਰ ਵੀ ਆ ਗਿਆ ਅਤੇ ਉੱਥੇ ਬੱਚਿਆਂ ਨੂੰ ਪੜ੍ਹਾ ਰਹੇ ਅਧਿਆਪਕ ਦੀ ਵੀ ਕੁੱਟਮਾਰ ਕੀਤੀ। ਪਿੰਡ ਗਟੋਰਾ ਦੇ ਸਰਪੰਚ ਅਤੇ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਔਰਤ ਨੂੰ ਬਚਾਇਆ। ਮਿਲੀ ਜਾਣਕਾਰੀ ਮੁਤਾਬਿਕ ਜਿਸ ਵਿਅਕਤੀ ਨੇ ਔਰਤ ‘ਤੇ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ, ਉਹ ਇਸ ਮਹਿਲਾ ਅਧਿਆਪਕ ਦਾ ਪਤੀ ਹੈ ਅਤੇ ਇਨ੍ਹਾਂ ਦਾ ਘਰੇਲੂ ਝਗੜਾ ਅਦਾਲਤ ਵਿਚ ਵੀ ਚੱਲ ਰਿਹਾ ਸੀ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਪਿੰਡ ਗਤੋਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਅਧਿਆਪਕਾ ਰੇਣੂ ਸ਼ਰਮਾ ਨੇ ਆਪਣੇ ਪਤੀ ਲਵਲੀਨ ਸ਼ਰਮਾ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ ‘ਚ ਪਿਛਲੇ 4-5 ਸਾਲਾਂ ਤੋਂ ਝਗੜਾ ਚੱਲ ਰਿਹਾ ਹੈ, ਜਿਸ ਸਬੰਧੀ ਥਾਣਾ ਸਦਰ ‘ਚ ਮਾਮਲਾ ਚੱਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਹ ਆਪਣੀ ਕਲਾਸ ਚਲਾ ਰਹੀ ਸੀ ਤਾਂ ਉਸਦਾ ਪਤੀ ਲਵਲੀਨ ਸ਼ਰਮਾ ਹੱਥ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਸਕੂਲ ਦੇ ਅੰਦਰ ਆਇਆ। ਪਹਿਲਾਂ ਉਸ ਨੇ ਉਸਦੇ ਸਕੂਟਰ ‘ਤੇ ਪੈਟਰੋਲ ਸੁੱਟਿਆ, ਜਦੋਂ ਉਹ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸ ‘ਤੇ ਵੀ ਪੈਟਰੋਲ ਸੁੱਟਿਆ ਅਤੇ ਧੱਕਾ ਦਿੱਤਾ। ਪੀੜਤ ਮਹਿਲਾ ਨੇ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ, ਉਥੇ ਹੀ ਸਰਪੰਚ ਨੇ ਵੀ ਇਸ ਪੂਰੇ ਮਾਮਲੇ ਦੀ ਨਿਖੇਧੀ ਕਰਦਿਆਂ ਮਹਿਲਾ ਅਧਿਆਪਕ ਲਈ ਇਨਸਾਫ਼ ਦੀ ਅਪੀਲ ਕੀਤੀ ਹੈ।ਜਦੋਂ ਇਸ ਮਾਮਲੇ ਸਬੰਧੀ ਥਾਣਾ ਸੁਜਾਨਪੁਰ ਦੇ ਪੁਲਿਸ ਕਪਤਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ ਅਤੇ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।