ਕਪੂਰਥਲਾ ਜ਼ਿਲ੍ਹੇ ਦੇ ਉੱਚਾ ਪਿੰਡ ਨੇੜੇ ਫੱਤੂਢੀਂਗਾ ਰੋਡ ‘ਤੇ ਐਕਟਿਵਾ ਅਤੇ ਪਿਕਅੱਪ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਸਮੇਤ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ‘ਚ ਡਾਕਟਰਾਂ ਨੇ ਦੋਵਾਂ ਬੱਚਿਆਂ ਅਤੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਜਦਕਿ ਬੱਚਿਆਂ ਦੀ ਮਾਂ ਗੰਭੀਰ ਜ਼ਖਮੀ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਹਰਦੀਪ ਸਿੰਘ ਨੇ ਦੱਸਿਆ ਕਿ ਘਟਨਾ ਕੱਲ ਦੇਰ ਸ਼ਾਮ ਦੀ ਹੈ। ਮੁਲਜ਼ਮ ਡਰਾਈਵਰ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਲਦੀ ਹੀ ਮੁਲਜ਼ਮ ਡਰਾਈਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਾਦਸੇ ‘ਚ ਜ਼ਖਮੀ ਔਰਤ ਸੁਰਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਧਰਮਕੋਟ ਮੋਗਾ ਨੇ ਦੱਸਿਆ ਕਿ ਉਹ ਆਪਣੇ ਪਤੀ ਰਣਜੀਤ ਸਿੰਘ ਅਤੇ ਦੋ ਬੱਚਿਆਂ ਗੋਰਾ (6) ਅਤੇ ਲਕਸ਼ਮੀ (5) ਨਾਲ ਆਪਣੀ ਐਕਟਿਵਾ ‘ਤੇ ਕਪੂਰਥਲਾ ਤੋਂ ਆਪਣੇ ਪਿੰਡ ਫੱਤੂਢੀਂਗਾ ਨੂੰ ਜਾ ਰਹੀ ਸੀ। ਜਦੋਂ ਉਹ ਪਿੰਡ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਪਿੱਕਅੱਪ ਗੱਡੀ ਨਾਲ ਟੱਕਰ ਹੋ ਗਈ। ਜਿਸ ਕਾਰਨ ਉਹ ਸਾਰੇ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਸਾਰੇ ਜ਼ਖ਼ਮੀਆਂ ਨੂੰ ਏਐਸਆਈ ਅਮਰੀਕ ਸਿੰਘ, ਕਾਂਸਟੇਬਲ ਵਿਪਨ ਅਤੇ ਰੋਡ ਸੇਫਟੀ ਫੋਰਸ ਦੇ ਜਵਾਨ ਅਜੇ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਦੋਵਾਂ ਬੱਚਿਆਂ ਅਤੇ ਔਰਤ ਦੇ ਪਤੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਔਰਤ ਦਾ ਇਲਾਜ ਚੱਲ ਰਿਹਾ ਹੈ। ਉਸਦਾ ਰੋ -ਰੋ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਫੱਤੂਢੀਂਗਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਿਕਅੱਪ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਅਤੇ ਚਾਲਕ ਸ਼ੰਕਰ ਪੁੱਤਰ ਰਾਜਵੰਤ ਸਿੰਘ ਵਾਸੀ ਪਿੰਡ ਮਹਿੰਡਵਾਲ ਦੇ ਖਿਲਾਫ਼ BNS ਦੀ ਧਾਰਾ 281,106 (1), 125 (ਏ), 125 (ਬੀ) ਤਹਿਤ ਮਾਮਲਾ ਦਰਜ ਕਰ ਲਿਆ ਹੈ।