ਬਿਜਲੀ ਦੇ ਨਿਰੰਤਰ ਲੱਗ ਰਹੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਪੀਐੱਸਪੀਸੀਐੱਲ ਦਫ਼ਤਰ ਰਿਹਾਣਾ ਜੱਟਾਂ ਅੱਗੇ ਰੋਸ ਧਰਨਾ ਲਾ ਕੇ ਪੀਐੱਸਪੀਸੀਐੱਲ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਕਿਸਾਨ ਆਗੂ ਹਰਪਾਲ ਸਿੰਘ ਸੰਘਾ,ਰਵੀ ਕੁਮਾਰ ਮੇਹਟੀਆਣਾ ਨੇ ਕਿਹਾ ਕਿ ਬੀਤੇ ਇੱਕ ਮਹੀਨੇ ਤੋਂ ਲਗਾਏ ਜਾ ਰਹੇ ਲੰਬੇ ਲੰਬੇ ਬਿਜਲੀ ਦੇ ਕੱਟਾਂ ਤੋਂ ਕਿਸਾਨ ਬਹੁਤ ਪਰੇਸ਼ਾਨ ਹਨ, ਕਿਸਾਨਾਂ ਦਾ ਝੋਨਾ ਬਿਨਾ ਪਾਣੀ ਤੋਂ ਸੁੱਕ ਕੇ ਬਰਬਾਦ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਖੇਤਾਂ ਨੂੰ ਬਿਜਲੀ ਸਿਰਫ ਇੱਕ ਦੋ ਘੰਟੇ ਹੀ ਮਿਲਦੀ ਹੈ ।ਜਿਸ ਨਾਲ ਕਿਸਾਨਾਂ ਦਾ ਝੋਨਾ ਪਾਣੀ ਦੀ ਘਾਟ ਕਰਕੇ ਖੇਤਾਂ ਵਿੱਚ ਸੁੱਕ ਕੇ ਬਰਬਾਦ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਬਿਜਲੀ ਦੀ ਸਪਲਾਈ ਨਾ ਮਿਲੀ ਤੇ ਖੇਤਾਂ ਵਿੱਚ ਬੀਜਾਈ ਕੀਤਾ ਝੋਨਾ ਸੁੱਕ ਜਾਵੇਗਾ ਤੇ ਬਹੁਤ ਸਾਰੇ ਕਿਸਾਨ ਕਰਜੇ ਦੀ ਮਾਰ ਹੇਠ ਆ ਜਾਣਗੇ। ਉਹਨਾਂ ਦੱਸਿਆ ਕਿ ਇਸ ਰੋਸ਼ ਧਰਨੇ ਵਿੱਚ ਰਿਹਾਣਾ ਜੱਟਾਂ ਅਤੇ ਲਾਗਲੇ 25 ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ। ਉਹਨਾਂ ਦੱਸਿਆ ਕਿ ਇਹ ਰੋਸ਼ ਧਰਨਾ ਸੰਕੇਤਕ ਹੈ ਅਤੇ ਉਹ ਆਮ ਰਾਹਗੀਰ ਜਾਂ ਆਉਣ ਜਾਣ ਵਾਲੇ ਵਾਹਨ ਚਾਲਕਾਂ ਤੇ ਜਨਤਾ ਨੂੰ ਕਿਸੇ ਹਾਲਤ ਵਿੱਚ ਵੀ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਧਰਨਾ ਦੇਣ ਲਈ ਮਜਬੂਰ ਹਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਬੀਜਾਈ ਲਈ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਮੌਕੇ ਨਰੂੜ ਤੋਂ ਇਲਾਵਾ ਲਾਗਲੇ ਪਿੰਡਾਂ ਦੇ ਅਨੇਕਾਂ ਕਿਸਾਨ ਹਾਜ਼ਰ ਸਨ