ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਦੀ ਪਤਨੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਐੱਨਆਈਏ ਤੋਂ ਹਮਲੇ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ

ਬੀਤੇ ਦਿਨੀਂ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਉਪਰ ਹੋਏ ਹਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਗੋਰਾ ਥਾਪਰ ਦੀ ਪਤਨੀ ਰੀਟਾ ਥਾਪਰ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਚੰਡੀਗੜ੍ਹ ਵਿਖੇ ਰਾਜਪਾਲ ਨਾਲ ਮੁਲਾਕਾਤ ਮੌਕੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਜੀਵ ਟੰਡਨ ਵੀ ਉਨ੍ਹਾਂ ਦੇ ਨਾਲ ਸਨ। ਥਾਪਰ ਦੀ ਪਤਨੀ ਨੇ ਸਿਵਲ ਹਸਪਤਾਲ ਬਾਹਰ ਪੰਜ ਜੁਲਾਈ ਨੂੰ ਪਤੀ ਉਪਰ ਨਿਹੰਗ ਬਾਣੇ ਵਿੱਚ ਗਰਮ ਖਿਆਲੀਆਂ ਵੱਲੋਂ ਕੀਤੇ ਜਾਣ ਲੇਵਾ ਹਮਲੇ ਦੀ ਪੜਤਾਲ ਕੌਮੀ ਜਾਂਚ ਏਜੰਸੀ ਐੱਨਆਈਏ ਤੋਂ ਕਰਵਾਉਣ ਦੀ ਮੰਗ ਕੀਤੀ। ਰੀਟਾ ਥਾਪਰ ਮੁਤਾਬਕ ਉਸਦੇ ਪਤੀ ਸਮੇਤ ਹੋਰ ਹਿੰਦੂ ਆਗੂਆਂ ਨੂੰ ਲੰਮੇ ਸਮੇਂ ਤੋਂ ਗਰਮ ਖਿਆਲੀਆਂ ਵੱਲੋਂ ਧਮਕਾਇਆ ਜਾ ਰਿਹਾ ਹੈ। ਪੰਜ ਜੁਲਾਈ ਨੂੰ ਵੀ ਉਸ ਦੇ ਪਤੀ ਉੱਪਰ ਨਿਹੰਗ ਬਾਣੇ ਵਿੱਚ ਕੁੱਝ ਹਥਿਆਰ ਬੰਦਾ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਸੀ। ਉਕਤ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਅੱਜੇ ਵੀ ਇੱਕ ਮੁਲਜਮ ਫਰਾਰ ਹੈ। ਉਹਨਾਂ ਦੱਸਿਆ ਕਿ ਇਸ ਹਮਲੇ ਵਿੱਚ ਭਾਵੇਂ ਗੋਰਾ ਥਾਪਰ ਮੌਤ ਦੇ ਮੂੰਹ ਵਿੱਚੋਂ ਕਿਸਮਤ ਨਾਲ ਬਾਹਰ ਨਿਕਲ ਆਏ ਪਰ ਪਰਿਵਾਰ ਨੂੰ ਅਜੇ ਵੀ ਗਰਮ ਖਿਆਲੀਆਂ ਤੋਂ ਜਾਨੀ ਖਤਰਾ ਹੈ। ਉਹਨਾਂ ਰਾਜਪਾਲ ਨੂੰ ਇੱਕ ਬੇਨਤੀ ਪੱਤਰ ਦਿੰਦੇ ਹੋਏ ਬਾਕੀ ਪਰਿਵਾਰਕ ਮੈਂਬਰਾਂ ਦੇ ਜਾਨ ਮਾਲ ਦੀ ਸੁਰੱਖਿਆ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹਿੰਦੂ ਹਿੱਤਾਂ ਦੀ ਗੱਲ ਕਰਨ ਵਾਲੇ ਹਰ ਹਿੰਦੂ ਆਗੂ ਗਰਮ ਖਿਆਲੀਆਂ ਦੀਆਂ ਅੱਖਾਂ ਦੀ ਕਿਰਕਰੀ ਸਾਬਤ ਹੋ ਰਹੇ ਹਨ ਅਤੇ ਹਿੰਦੂ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲਾ ਹਰ ਆਗੂ ਖਤਰੇ ਵਿੱਚ ਹੈ। ਇਸ ਲਈ ਕੇਂਦਰੀ ਏਜੰਸੀਆਂ ਵੱਲੋਂ ਟਾਰਗੇਟ ਤੇ ਰਹਿਣ ਵਾਲੇ ਪਰਿਵਾਰਾਂ ਦੀ ਜਾਨੀ ਮਾਲੀ ਸੁਰੱਖਿਆ ਯਕੀਨੀ ਬਣਾਈ ਜਾਵੇ। ਬੀਤੇ ਦਿਨਾਂ ਵਿੱਚ ਉਨ੍ਹਾਂ ਦੇ ਪਤੀ ਸਮੇਤ ਹੋਰਾਂ ਨੂੰ ਮਿਲੀਆਂ ਧਮਕੀਆਂ ਤੇ ਹੋਏ ਹਮਲਿਆਂ ਦੀ ਜਾਂਚ ਐੱਨਆਈਏ ਤੋਂ ਕਰਵਾਈ ਜਾਵੇ ।

Leave a Reply

Your email address will not be published. Required fields are marked *