ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ “ਸੰਤ ਨਾਮਦੇਵ ਜੀ ਯਾਤਰੀ ਨਿਵਾਸ” ਭਵਨ ਦਾ ਨੀਂਹ ਪੱਥਰ ਰੱਖਿਆ। ਦੱਸਣਯੋਗ ਹੈ ਕਿ ਰਾਜਪਾਲ ਵੱਲੋਂ ਇਸ ਭਵਨ ਦੇ ਨਿਰਮਾਣ ਲਈ ਆਪਣੇ ਫੰਡ ਵਿੱਚੋਂ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਪਿੰਡ ਘੁਮਾਣ ਵਿੱਚ ਬਣਨ ਵਾਲੇ ਇਸ ਭਵਨ ਵਿੱਚ ਕੁੱਲ 10 ਕਮਰੇ, 1 ਹਾਲ ਅਤੇ 1 ਰਸੋਈ ਬਣਾਈ ਜਾਵੇਗੀ, ਜਿਸ ਦਾ ਮੰਤਵ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ। ਦੱਸਣਯੋਗ ਹੈ ਕਿ ਭਗਤ ਨਾਮਦੇਵ ਜੀ ਮਹਾਰਾਸ਼ਟਰ ਤੋਂ ਚੱਲ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰਦੇ ਹੋਏ ਪੰਜਾਬ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪਿੰਡ ਘੁਮਾਣ ਅਤੇ ਨੇੜਲੇ ਪਿੰਡ ਭੱਟੀਵਾਲ ਵਿੱਚ ਡੇਰਾ ਲਾਇਆ ਸੀ। ਭਗਤ ਨਾਮਦੇਵ ਜੀ 18 ਸਾਲ ਘੁਮਾਣ ਵਿੱਚ ਰਹੇ ਅਤੇ ਸੰਨ 1350 ਵਿੱਚ ਜੋਤੀ-ਜੋਤ ਸਮਾ ਗਏ। ਪਿੰਡ ਘੁਮਾਣ ਵਿੱਚ ਹੀ ਭਗਤ ਨਾਮਦੇਵ ਜੀ ਦੀ ਸਮਾਧ ਮੌਜੂਦ ਹੈ ਜਿੱਥੇ ਦੁਨੀਆਂ ਭਰ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਭਗਤ ਨਾਮਦੇਵ ਜੀ ਦਾ ਜਨਮ ਸੰਨ 1270 ਵਿੱਚ ਮਹਾਰਾਸ਼ਟਰ ਦੇ ਪਿੰਡ ਨਰਸੀ ਬਾਮਣੀ ਵਿੱਚ ਹੋਇਆ ਸੀ। ਸ਼੍ਰੋਮਣੀ ਭਗਤ ਨਾਮਦੇਵ ਜੀ ਭਗਤੀ ਲਹਿਰ ਦੇ ਉੱਘੇ ਸੰਤ ਸਨ, ਜਿਹਨਾਂ ਨੇ ਆਪਣੀ ਬਾਣੀ ਵਿੱਚ ਊਚ-ਨੀਚ ਦੇ ਫਰਕ ਨੂੰ ਖਤਮ ਕਰਨ ਦੀ ਗੱਲ ਕੀਤੀ। ਭਗਤ ਨਾਮਦੇਵ ਜੀ ਦੀ ਬਾਣੀ ਦੇ 61 ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 18 ਰਾਗਾਂ ‘ਚ ਦਰਜ ਹਨ, ਜੋ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ।