CM ਮਾਨ ਦਾ ਬਾਦਲ ਪ੍ਰਵਾਰ ‘ਤੇ ਨਿਸ਼ਾਨਾ, ਕਿਹਾ ਸੁੱਖ ਵਿਲਾਸ ਦੇ ਕਾਗਜ਼ ਕੱਢ ਲਏ, ਜਲਦੀ ਖੁਸ਼ਖ਼ਬਰੀ ਦੇਵਾਂਗਾ

ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਵਿਚ ਨਵੀਂ ਬਣਨ ਰਹੀ ਮਾਲਵਾ ਨਹਿਰ ਦੀ ਉਸਾਰੀ ਵਾਲੀ ਜਗ੍ਹਾ ‘ਤੇ ਪਹੁੰਚੇ। ਉਨ੍ਹਾਂ ਵਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪਿੰਡ ਦੋਦਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਹੈ। ਇਹ ਮਾਲਵਾ ਨਹਿਰ 3 ਜ਼ਿਲ੍ਹਿਆਂ ਦੇ 62 ਪਿੰਡਾਂ ਵਿਚੋਂ ਲੰਘੇਗੀ। ਨਹਿਰ 149 ਕਿਲੋਮੀਟਰ ਲੰਬੀ, 50 ਫੁੱਟ ਚੌੜੀ ਤੇ ਸਾਢੇ 12 ਫੁੱਟ ਡੂੰਘੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਨਹਿਰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਕਰੀਬ ਦੋ ਲੱਖ ਏਕੜ ਨੂੰ ਪਾਣੀ ਦੇਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਬਾਦਲ ਪਰਿਵਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਹਿਲੀਆਂ ਨਹਿਰਾਂ ਇਨ੍ਹਾਂ ਦੇ ਖੇਤਾਂ ਵਿਚ ਹੀ ਖਤ਼ਮ ਹੋ ਜਾਂਦੀਆਂ ਸਨ। ਮੈਂ ਸੰਗਰੂਰ ਤੋਂ ਆ ਕੇ ਨਹਿਰ ਬਣਾਉਣ ਦੀ ਪਹਿਲ ਕਰ ਰਿਹਾ ਹੈ ਪਰ ਇਥੇ ਰਹਿੰਦੇ ਬਾਦਲ ਕਦੇ ਵੀ ਲੋਕਾਂ ਨੂੰ ਨਹਿਰ ਦੀ ਸਹੂਲਤ ਨਹੀਂ ਦਿਵਾ ਸਕੇ। ਬਾਦਲਾਂ ਨੂੰ ਕਰੜੇ ਹੱਥੀਂ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੇ ਘਰ ਦੀਆਂ ਕੰਧਾਂ ਤਿਹਾੜ ਜੇਲ ਨਾਲੋਂ ਉੱਚੀਆਂ ਹਨ। ਇਨ੍ਹਾਂ ਨੇ 25 ਸਾਲ ਰਾਜ ਕੀਤਾ ਇਨ੍ਹਾਂ ਨੂੰ ਕਿਸ ਚੀਜ਼ ਦਾ ਖ਼ਤਰਾ ਹੈ? ਕੋਈ ਨਾ ਸੁੱਖ ਵਿਲਾਸ ਦੇ ਕਾਗਜ਼ ਮੈਂ ਕੱਢ ਲਏ ਹਨ, ਆਉਣ ਵਾਲੇ ਦਿਨਾਂ ਵਿਚ ਖੁਸ਼ਖ਼ਬਰੀ ਦੇਵਾਂਗਾ।

Leave a Reply

Your email address will not be published. Required fields are marked *