ਪੰਜਾਬ ’ਚ ਇੱਕ ਵਾਰ ਫਿਰ ਤੋਂ ਚੋਣ ਅਖਾੜਾ ਭਖਣ ਵਾਲਾ ਹੈ। ਦੱਸ ਦਈਏ ਕਿ ਸੂਬੇ ’ਚ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੱਤਰ ਵੀ ਲਿਖਿਆ ਹੈ। ਜਾਰੀ ਹੋਏ ਪੱਤਰ ’ਚ ਆਉਣ ਵਾਲੀਆਂ ਪੰਚਾਇਤੀ ਚੋਣਾਂ 2024 ਲਈ ਵੱਖ-ਵੱਖ ਸ਼੍ਰੇਣੀਆਂ ਲਈ ਸਰਪੰਚਾਂ/ਪੰਚਾਂ ਦੀਆਂ ਅਸਾਮੀਆਂ ਦੀਆਂ ਸੀਟਾਂ ਦੀ ਰਿਜ਼ਰਵੇਸ਼ਨ ਕਰਨ ਲਈ ਹਿਦਾਇਤ ਦਿੱਤੀ ਗਈ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਸਾਲ ਦੇ ਅੰਤ ਤੱਕ ਪੇਂਡੂ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ। ਇਸ ਦੇ ਲਈ ਗ੍ਰਾਮ ਪੰਚਾਇਤ ਲੋੜੀਂਦੀ ਕਾਰਵਾਈ ਤੁਰੰਤ ਅਮਲ ’ਚ ਲੈ ਕੇ ਆਵੇ ਤਾਂ ਜੋ ਚੋਣਾਂ ਬਾਰੇ ਆਮ ਲੋਕਾਂ ਅਤੇ ਉਮੀਦਵਾਰਾਂ ਨੂੰ ਜਾਣਕਾਰੀ ਹੋਵੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਸ ਗੱਲ੍ਹ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਪੰਚਾਂ ਦੀ ਰਾਖਵੇਂਕਰਨ ਸਬੰਧੀ ਹਰਕੇ ਜ਼ਿਲ੍ਹੇ ’ਚ ਸਬੰਧਿਤ ਡਿਪਟੀ ਕਮਿਸ਼ਨਰ ਵੱਲੋਂ ਲੋੜੀਂਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ। ਕੀਤੀ ਗਈ ਕਾਰਵਾਈ ਬਾਰੇ ਜਲਦ ਤੋਂ ਜਲਦ ਕਮਿਸ਼ਨ ਨੂੰ ਜਾਣੂ ਕਰਵਾਇਆ ਜਾਵੇ। ਦੱਸ ਦਈਏ ਕਿ ਦਸੰਬਰ 2023 ਤੋਂ ਪੰਚਾਇਤਾਂ ਭੰਗ ਹੋ ਚੁੱਕੀਆਂ ਹਨ। ਸਰਕਾਰ ਵੱਲੋਂ ਪ੍ਰਬੰਧਕਾਂ ਨੂੰ ਲੱਗਾ ਕੇ ਕੰਮ ਚਲਾਇਆ ਜਾ ਰਿਹਾ ਹੈ। ਪਿੰਡ ਪੱਧਰ ’ਤੇ ਤਸਦੀਕ ਹੋਣ ਵਾਲੇ ਦਸਤਾਵੇਜਾਂ ਲਈ ਪਿੰਡ ਵਾਸੀਆਂ ਨੂੰ ਪਰੇਸ਼ਾਨੀ ਆ ਰਹੀ ਹੈ। ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਕੁੱਲ 13,628 ਪੰਚਾਇਤਾਂ ਹਨ। ਪੰਜਾਬ ‘ਚ ਜਨਵਰੀ 2019 ‘ਚ ਗ੍ਰਾਮ ਪੰਚਾਇਤ ਚੋਣਾਂ ਹੋਈਆਂ ਸਨ। ਚੋਣਾਂ ਨੂੰ ਲੈ ਕੇ ਢਿੱਲ-ਮੱਠ ‘ਤੇ ਹਾਈਕੋਰਟ ਦੀ ਸਖਤੀ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਨੇ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।