ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਸਖ਼ਤ ਆਦੇਸ਼ ਵੀ ਜਾਰੀ ਕੀਤੇ ਗਏ ਸੀ ਕਿ ਛੋਟੇ ਬੱਚੇ ਕੋਈ ਵੀ ਵਹੀਕਲ ਨਹੀਂ ਚਲਾਉਣਗੇ ਅਤੇ ਜੁਰਮਾਨਾ ਦੇ ਨਾਲ ਨਾਲ ਮਾਪਿਆਂ ਨੂੰ ਸਜ਼ਾ ਵੀ ਹੋਵੇਗੀ। ਪਰ ਅੱਜ ਹੀ ਸੰਗਰੂਰ ਤੋਂ ਦਿਲ ਦਹਰਾਉਣ ਵਾਲੇ ਸੜਕ ਹਾਦਸੇ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਦਾ ਨਾਨਕੀਆਣਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇੱਕ ਮੋਟਰਸਾਈਕਲ ਉੱਤੇ ਸਵਾਰ ਇੱਕ 15 ਸਾਲ ਦਾ ਲੜਕਾ ਤੇ ਉਸਦੇ ਨਾਲ 18 ਸਾਲ ਦੀ ਲੜਕੀ ਦੀ ਅਚਾਨਕ ਕਾਰ ਦੇ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਟੱਕਰ ਇਨੀ ਖਤਰਨਾਕ ਸੀ ਕਿ ਕਾਰ ਬੁਰੀ ਤਰਾਂ ਨੁਕਸਾਨੀ ਗਈ ਹੈ ਅਤੇ ਮੋਟਰਸਾਈਕਲ ਦੇ ਵੀ ਪਰਖੱਚੇ ਉਡ ਗਏ ਹਨ। ਇਸ ਦਰਦਨਾਕ ਸੜਕ ਹਾਦਸੇ ਵਿੱਚ 15 ਸਾਲ ਦੇ ਨੌਜਵਾਨ ਦੀ ਮੌਕੇ ਦੇ ਮੌਤ ਹੋ ਗਈ, ਜਦਕਿ ਲੜਕੀ ਗੰਭੀਰ ਜ਼ਖਮੀ ਹੋਈ ਹੈ। ਜ਼ਖਮੀ ਲੜਕੀ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਕਿਸ ਤਰ੍ਹਾਂ ਵਾਪਰੀ ਅਜੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਉਨ੍ਹਾਂ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਜਿਸਦੇ ਵਿੱਚ ਇੱਕ ਲੜਕਾ ਜਿਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਇੱਕ ਲੜਕੀ ਹੈ ਜਿਸਦੀ ਉਮਰ 18 ਸਾਲ ਹੈ ਜਿਸਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੀ ਲੱਤ ਟੁੱਟ ਗਈ ਹੈ।